September 28, 2026
ਪੰਜਾਬ

ਟੀ ਬੀ ਮੁਕਤ ਭਾਰਤ ਮੁਹਿੰਮ ਦੀ ਸ਼ੁਰੂਆਤ

ਟੀ ਬੀ ਮੁਕਤ ਭਾਰਤ ਮੁਹਿੰਮ ਦੀ ਸ਼ੁਰੂਆਤ

ਪਟਿਆਲਾ- ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਵਿਸ਼ਵ ਟੀ ਬੀ ਦਿਵਸ ਮੌਕੇ ਟੀ ਬੀ ਹਸਪਤਾਲ ਵਿੱਚ ਸੂਬਾਈ ਸਮਾਗਮ ਦੌਰਾਨ ਪੰਜਾਬ ’ਚ ਟੀ ਬੀ ਮੁਕਤ ਭਾਰਤ ਮੁਹਿੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸੰਭਾਵੀ ਮਰੀਜ਼ਾਂ ਦੇ ਮੌਕੇ ’ਤੇ ਹੀ ਟੈਸਟ ਕੀਤੇ ਗਏ। ਉਨ੍ਹਾਂ ਕਿਹਾ ਕਿ ਅੱਜ ਭਾਰਤ ਟੀ ਬੀ ਸਮੇਤ ਸ਼ੂਗਰ ਅਤੇ ਏਡਜ਼ ਆਦਿ ਰੋਗਾਂ ਦੀ ਰਾਜਧਾਨੀ ਬਣ ਰਿਹਾ ਹੈ। ਅਜਿਹੇ ਦੌਰ ਵਿੱਚ ਇਹ ਸਕੂਨ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਰਾਜ ਅੰਦਰ ਸਿਹਤ, ਸਿੱਖਿਆ ਤੇ ਰੁਜ਼ਗਾਰ ਨੂੰ ਪਹਿਲ ਦਿੰਦਿਆਂ ਸੂਬੇ ਦੇ 40 ਲੱਖ ਪਰਿਵਾਰਾਂ ਨੂੰ ਸਿਹਤਮੰਦ ਖੁਰਾਕ ਮੁਹੱਈਆ ਕਰਵਾਉਣ ਸਮੇਤ 65 ਲੱਖ ਪਰਿਵਾਰਾਂ ਨੂੰ 10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਹੈ। ਸਿਹਤ ਮੰਤਰੀ ਨੇ ਕਿਹਾ ਕਿ ਟੀ ਬੀ ਗੰਭੀਰ ਚੁਣੌਤੀ ਬਣ ਰਿਹਾ ਹੈ ਤੇ ਇਕੱਲੇ ਪੰਜਾਬ ਵਿੱਚ ਹਰ ਸਾਲ ਟੀ ਬੀ ਦੇ 60 ਹਜ਼ਾਰ ਕੇਸ ਮਿਲ ਰਹੇ ਹਨ, ਪਰੰਤੂ ਅਜੇ ਵੀ ਬਹੁਤ ਸਾਰੇ ਕੇਸ ਅਣਪਛਾਤੇ ਰਹਿੰਦੇ ਹਨ। ਇਹ ਮੁਹਿੰਮ ਅਜਿਹੇ ਕੇਸਾਂ ਨੂੰ ਲੱਭਣ ਤੇ ਸਮੇਂ ਸਿਰ ਇਲਾਜ ਸਹੂਲਤ ਦੇਣ ਲਈ ਅਹਿਮ ਬਣਾਉਂਦੀ ਹੈ। ਉਨ੍ਹਾਂ ਕਿਹਾ ਕਿ ਟੀ ਬੀ ਦੇ ਕੇਸ ਲੱਭਣ ’ਚ ਪਿਛਲੇ ਸਾਲ ਪੰਜਾਬ ਦੇਸ਼ ਭਰ ‘ਚ ਦੂਜੇ ਸਥਾਨ ‘ਤੇ ਰਿਹਾ ਸੀ ਅਤੇ ਇਸ ਵਾਰ ਰੈਂਕਿੰਗ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ। ਅੱਜ ਰਵਾਨਾ ਕੀਤੀ ਗਈ ਵੈਨ ਜ਼ਰੀਏ ਬਜ਼ੁਰਗਾਂ, ਝੁੱਗੀਆਂ-ਝੌਪੜੀਆਂ ਅਤੇ ਹੋਰ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਛਾਤੀ ਦੇ ਐਕਸ-ਰੇਅ ਸਹੂਲਤਾਂ ਤੇ ਮੌਕੇ ‘ਤੇ ਟੈਸਟ ਕਰਕੇ ਤੁਰੰਤ ਇਲਾਜ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ. ਆਰ ਪੀ ਐਸ ਸਿਬੀਆ, ਸਟੇਟ ਟੀ ਬੀ ਅਫ਼ਸਰ ਡਾ. ਰਜੇਸ਼ ਭਾਸਕਰ, ਟੀ ਬੀ ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਸਿਵਲ ਸਰਜਨ ਡਾ. ਜਸਵਿੰਦਰ ਸਿੰਘ ਸਮਾਜ ਸੇਵੀ ਉਪਕਾਰ ਸਿੰਘ, ਜ਼ਿਲ੍ਹਾ ਟੀ ਬੀ ਅਫ਼ਸਰ ਡਾ. ਗੁਰਪ੍ਰੀਤ ਨਾਗਰਾ ਅਤੇ ਡਾ. ਸੁਮੀਤ ਸਿੰਘ ਆਦਿ ਵੀ ਮੌਜੂਦ ਸਨ।

ਸਿਵਲ ਸਰਜਨ ਡਾ. ਅਮਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਵਿਖੇ ‘ਹਾਂ, ਅਸੀਂ ਟੀ ਬੀ ਨੂੰ ਖਤਮ ਕਰ ਸਕਦੇ ਹਾਂ’ ਨਾਅਰੇ ਤਹਿਤ ਵਿਸ਼ਵ ਟੀ ਬੀ ਦਿਵਸ ਮਨਾਇਆ ਗਿਆ। ਡਾ.ਅਮਰਜੀਤ ਕੌਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਪੂਰੇ ਦੇਸ਼ ਵਿੱਚ ‘ਜਨ ਜਨ ਕਾ ਰੱਖੋ ਧਿਆਨ, ਟੀ ਬੀ ਮੁਕਤ ਭਾਰਤ ਅਭਿਆਨ’ ਤਹਿਤ 100 ਦਿਨਾਂ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਟੀ ਬੀ ਅਫ਼ਸਰ ਡਾ. ਰਾਜਿੰਦਰ ਕੌਰ ਨੇ ਟੀ ਬੀ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਦੁਰਗਾ ਦਲ, ਸੰਗਰੂਰ, ਵਰਬੀਓ ਕੰਪਨੀ, ਕੇ ਬੀ ਆਰ ਐੱਲ ਫੈਕਟਰੀ ਅਤੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ। ਨਰਸਿੰਗ ਸਕੂਲ ਸੰਗਰੂਰ ਦੀਆਂ ਵਿਦਿਆਰਥਣਾ ਵੱਲੋਂ ਟੀ ਬੀ ਦੀ ਬਿਮਾਰੀ ਸਬੰਧੀ ਚਾਰਟ ਮੁਕਾਬਲੇ ਕਰਵਾਏ ਗਏ।

ਸਿਹਤ ਕਰਮੀਆਂ ਤੇ ਸਮਾਜ ਸੇਵੀਆਂ ਦਾ ਸਨਮਾਨ: ਟੀ ਬੀ ਮੁਕਤ ਭਾਰਤ ਅਭਿਆਨ ਤਹਿਤ ਸਿਵਲ ਸਰਜਨ ਡਾ. ਪਰਦੀਪ ਕੁਮਾਰ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ ਮਾਲੇਰਕੋਟਲਾ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਵ ਟੀ ਬੀ ਦਿਵਸ ਮਨਾਇਆ ਗਿਆ। ਇਸ ਮੌਕੇ ਨਰਸਿੰਗ ਵਿਦਿਆਰਥੀਆਂ ਵੱਲੋਂ ਟੀ ਬੀ ਸਬੰਧੀ ਜਾਗਰੂਕਤਾ ਬਾਰੇ ਨਾਟਕ ਪੇਸ਼ ਕੀਤਾ ਗਿਆ। ਸਿਵਲ ਸਰਜਨ ਡਾ. ਪਰਦੀਪ ਕੁਮਾਰ ਅਤੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ ਨੇ ਕਿਹਾ ਕਿ ਟੀ.ਬੀ ਪੂਰੀ ਤਰ੍ਹਾਂ ਠੀਕ ਹੋਣ ਵਾਲੀ ਬਿਮਾਰੀ ਹੈ ਅਤੇ ਇਸ ਤੋਂ ਘਬਰਾਉਣ ਦੀ ਲੋੜ ਨਹੀਂ। ਐੱਸ ਐੱਮ ਓ ਮਾਲੇਰਕੋਟਲਾ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਵੱਲੋਂ ਟੀ ਬੀ ਦੀ ਰੋਕਥਾਮ ਅਤੇ ਇਲਾਜ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹ ਯਤਨ ਜਾਰੀ ਰਹਿਣਗੇ। ਸਮਾਗਮ ਦੌਰਾਨ ਜ਼ਿਲ੍ਹਾ ਟੀ ਬੀ ਅਫਸਰ ਡਾ. ਅਬੀ ਗਰਗ ਨੂੰ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਮੁਨੀਰ ਮੁਹੰਮਦ, ਡਾ. ਕਰਨੈਲ ਸਿੰਘ, ਡਾ. ਪ੍ਰਭਲੀਨ ਕੌਰ, ਰਾਜੇਸ਼ ਰਿਖੀ ਪੰਜਗਰਾਈਆਂ, ਡਾ. ਸ਼ਹਿਨਾਜ਼, ਸਿਮਰਨਜੀਤ ਕੌਰ, ਪ੍ਰਵੀਨ ਖਾਤੂਨ, ਕੁਲਦੀਪ ਸਿੰਘ, ਅਮਰਜੀਤ ਕੌਰ, ਹਰਜੀਤ ਕੌਰ, ਲਵਪ੍ਰੀਤ ਸ਼ਰਮਾ, ਭਾਰਤ ਵਿਕਾਸ ਪਰਿਸ਼ਦ, ਅਸ਼ੋਕ ਸਿੰਗਲਾ, ਵਿਜੈ ਕਾਂਸਲ, ਸੁਰੇਸ਼ ਜੈਨ, ਮੈਡਮ ਆਮਨਾ, ਰਜਨੀ ਕੌਰ ਅਤੇ ਸੁਖਮਿੰਦਰ ਕੌਰ ਮੌਜੂਦ ਸਨ।

Related posts

‘ਆਪ’ ਵਿਧਾਇਕ ਪਠਾਣਮਾਜਰਾ ਗਵਾਲੀਅਰ ਤੋਂ ਕਾਬੂ

Current Updates

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਰਾਜਾ ਵੜਿੰਗ ਦੇ ਬੂਟਾ ਸਿੰਘ ਪ੍ਰਤੀ ਵਰਤੀ ਸ਼ਬਦਾਵਲੀ ਦਾ ਨੋਟਿਸ

Current Updates

‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’: ਮੁੱਖ ਮੰਤਰੀ ਵੱਲੋਂ ਕਮੇਟੀ ਦੀ ਅਹਿਮ ਮੀਟਿੰਗ ਤਲਬ

Current Updates

Leave a Comment