August 13, 2026
ਖਾਸ ਖ਼ਬਰਪੰਜਾਬਰਾਸ਼ਟਰੀ

ਗੜਗੱਜ ਨੇ ਪੰਥ ’ਚੋ ਛੇਕੇ ਗਏ ਪ੍ਰੋ. ਦਰਸ਼ਨ ਸਿੰਘ ਰਾਗੀ ਦੇ ਸਮਾਗਮ ਕਰਵਾ ਕੇ ਹੁਕਮਨਾਮੇ ਦੀ ਉਲੰਘਣਾ ਕੀਤੀ

ਗੜਗੱਜ ਨੇ ਪੰਥ ’ਚੋ ਛੇਕੇ ਗਏ ਪ੍ਰੋ. ਦਰਸ਼ਨ ਸਿੰਘ ਰਾਗੀ ਦੇ ਸਮਾਗਮ ਕਰਵਾ ਕੇ ਹੁਕਮਨਾਮੇ ਦੀ ਉਲੰਘਣਾ ਕੀਤੀ

ਅੰਮ੍ਰਿਤਸਰ- ਸਿੱਖ ਚਿੰਤਕ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ’ਤੇ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਅਤੇ ਅਕਾਲੀ ਦਲ ਬਾਦਲ ਦੇ ਦਿਲੀ ਸਟੇਟ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੁਆਰਾ ਪੰਜ ਤਖ਼ਤ ਸਾਹਿਬਾਨ ਅਤੇ ਹੁਕਮਨਾਮਿਆਂ ਦੀ ਪੰਥਕ ਪਰੰਪਰਾ ਪ੍ਰਤੀ ਸੰਦੇਹ ਪੈਦਾ ਕਰਨ ਵਰਗੇ ਪੰਥ ਵਿਰੋਧੀ ਲੁਕਵੇਂ ਏਜੰਡੇ ਲਾਗੂ ਕਰਨ ਦਾ ਸ਼ੱਕ ਪ੍ਰਗਟਾਇਆ ਅਤੇ ਸਿੱਖ ਸੰਪਰਦਾਵਾਂ ਤੇ ਜਥੇਬੰਦੀਆਂ ਨੂੰ ਸੁਚੇਤ ਹੋਣ ਦਾ ਹੋਕਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਗਿਆਨੀ ਗੜਗੱਜ  ਦੁਆਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੇਸ਼ੀ ਲਈ ਸਕੱਤਰੇਤ ਨੂੰ ਸ੍ਰੀ ਅਕਾਲ ਤਖ਼ਤ ਤੋਂ ਅਲੱਗ ਠਹਿਰਾਉਣ ਦੇ ਵਿਵਾਦ ਪਿੱਛੇ ਉਹੀ ਸੋਚ ਅਤੇ ਏਜੰਡਾ ਕੰਮ ਕਰ ਰਿਹਾ ਹੈ ਜੋ ਸਰਨਾ ਭਰਾਵਾਂ ਨੇ 11 ਅਪ੍ਰੈਲ 2010 ਨੂੰ ਦਿਲੀ ਸਿੱਖ ਗੁ: ਕਮੇਟੀ ਦੇ ਪ੍ਰਧਾਨ ਹੁੰਦਿਆਂ ਅਖੌਤੀ ’ਸਿੱਖ ਕਨਵੈੱਨਸ਼ਨ’ ਰਾਹੀਂ ਸ੍ਰੀ ਅਕਾਲ ਤਖ਼ਤ ਤੋਂ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਸ਼ਮੂਲੀਅਤ ਨਾਲ ਹੁੰਦੇ ਆ ਰਹੇ ਹੁਕਮਨਾਮਿਆਂ ਦੀ ਪੰਥਕ ਪਰੰਪਰਾ ਦੀ ਪ੍ਰਮਾਣਿਕਤਾ ਪ੍ਰਤੀ ਸੰਦੇਹ ਪੈਦਾ ਕਰਦਿਆਂ ਸਮੁੱਚੇ ਰੂਪ ’ਚ ਉਨ੍ਹਾਂ ਨੂੰ ਰੱਦ ਕਰਨ ਦੀ ਗਲ ਕਹੀ ਸੀ।  ਮਕਸਦ ਭਾਵੇਂ ਹੀ ਗੁਰ ਨਿੰਦਾ ਲਈ ਪੰਥ ’ਚੋਂ ਛੇਕੇ ਗਏ ਪ੍ਰੋ. ਦਰਸ਼ਨ ਸਿੰਘ ਰਾਗੀ ਦੇ ਪੱਖ ਵਿਚ ਭੁਗਤਣਾ ਹੀ ਕਿਉਂ ਨਾ ਹੋਵੇ ਪਰ ਉਨ੍ਹਾਂ ਪੰਜ ਤਖ਼ਤਾਂ ਦੀ ਸਿਧਾਂਤਕ ਏਕਤਾ ਅਤੇ ਹੁਕਮਨਾਮਿਆਂ ਦੀ ਸਥਾਪਿਤ ਪੰਥਕ ਪਰੰਪਰਾ ਨੂੰ ਖੋਰਾ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ।  ਕਿਸੇ ਤੋਂ ਲੁਕਿਆ ਛੁਪਿਆ ਨਹੀਂ ਗਿਆਨੀ ਗੜਗੱਜ ਅਤੇ ਸਰਨਿਆਂ ਵਿਚ ਕਿੰਨੇ ਗਹਿਰੇ ਸਬੰਧ ਹਨ।

ਗੜਗੱਜ ਨੇ ਪੰਥ ’ਚੋ ਛੇਕੇ ਗਏ ਪ੍ਰੋ. ਦਰਸ਼ਨ ਸਿੰਘ ਰਾਗੀ ਦੇ ਸਮਾਗਮ ਕਰਵਾ ਕੇ ਹੁਕਮਨਾਮੇ ਦੀ ਉਲੰਘਣਾ ਕੀਤੀ
ਪ੍ਰੋ. ਸਰਚਾਂਦ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਹੀ ਸਮਿਆਂ ’ਚ ਗਿਆਨੀ ਗੜਗੱਜ ਅਤੇ ਸਾਥੀਆਂ ਨੇ ਹੁਕਮਨਾਮਿਆਂ ਨੂੰ ਤਾਕ ਵਿਚ ਰੱਖਦਿਆਂ ਸੁਚੇਤ ਰੂਪ ’ਚ ਪ੍ਰੋ. ਦਰਸ਼ਨ ਸਿੰਘ ਦੇ ਸਮਾਗਮ ਕਰਵਾਉਣ ਵਿਚ ਨਾ ਕੇਵਲ ਸਹਿਯੋਗ ਦਿੱਤਾ ਸਗੋਂ ਅੱਗੇ ਹੋਕੇ ਭੂਮਿਕਾ ਨਿਭਾਉਂਦਿਆਂ ਅਕਾਲ ਤਖ਼ਤ ਨੂੰ ਖੁੱਲ੍ਹੀ ਚੁਨੌਤੀ ਦਿਤੀ ਗਈ। ਪੰਥ ਦੀ ਰਹਿਤ ਮਰਯਾਦਾ ’ਚ ’ਤਨਖ਼ਾਹੀਏ’ ਦਾ ਸਾਥ ਦੇਣ ਵਾਲਾ ਵੀ ’ਤਨਖ਼ਾਹੀਆ’ ਹੁੰਦਾ ਹੈ। ਕੀ ਗਿਆਨੀ ਗੜਗੱਜ ਨੇ ਉਕਤ ਪੰਥਕ ਧਾਰਮਿਕ ਅਵੱਗਿਆ ਲਈ ਪੰਜ ਪਿਆਰਿਆਂ ਤੋਂ ਖਿਮਾ ਯਾਚਨਾ ਕੀਤੀ ਹੈ ਜਾਂ ਸੋਧ ਦੀ ਅਰਦਾਸ ਕਰਾਈ ਹੈ? ਨਹੀਂ ਤਾਂ ਉਹ ਕੁਤਾਹੀ ਕਬੂਲ ਕਰੇ ਜਾਂ ਕਹਿ ਦੇਵੇ ਕਿ ਇਹ ਸਿਧਾਂਤ ਤੇ ਮਰਯਾਦਾ ਉਨ੍ਹਾਂ ’ਤੇ ਲਾਗੂ ਨਹੀਂ ਹਨ।
ਉਨ੍ਹਾਂ ਗਿਆਨੀ ਗੜਗੱਜ ਦੁਆਰਾ ਪ੍ਰੋ. ਦਰਸ਼ਨ ਸਿੰਘ ਸੰਬੰਧੀ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਜੰਮੂ ਨਾਲ ਸਬੰਧਿਤ ਦੋ ਗੁਰਦੁਆਰਾ ਕਮੇਟੀਆਂ ਦੇ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਅਗਸਤ 2025 ਨੂੰ ਤਨਖ਼ਾਹ ਲਗਾਉਣ ਦਾ ਚੇਤਾ ਕਰਾਇਆ।
ਪ੍ਰੋ. ਸਰਚਾਂਦ ਸਿੰਘ ਨੇ ਇਸ ਸੰਬੰਧੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪ੍ਰੋ. ਦਰਸ਼ਨ ਸਿੰਘ ਰਾਗੀ ਦੇ ਮਾਮਲੇ ’ਚ ’ਤਨਖ਼ਾਹੀਆ’ ਹੋਣ ਤੋਂ ਦੋਸ਼ ਮੁਕਤ ਹੋ ਚੁੱਕੇ ਹੋਣ ਬਾਰੇ ਜਾਣਕਾਰੀ ਦੇਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸੋਧ ਨਹੀਂ ਕਰਾਈ ਤਾਂ ਫਿਰ ਕਿਸ ਪੰਥਕ ਰਵਾਇਤ ਜਾਂ ਅਧਿਕਾਰ ਤਹਿਤ ਉਹ ’ਜਥੇਦਾਰ’ ਹਨ?
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸੁਚੇਤ ਤੌਰ ’ਤੇ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਸਮਾਗਮ ਕਰਵਾਉਣ ਵਿੱਚ ਪੂਰਾ ਸਹਿਯੋਗ ਦਿੱਤਾ ਜਾਂਦਾ ਰਿਹਾ ਅਤੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਿਹਾ, ਜਿਸ ਬਾਰੇ ਪੁਖ਼ਤਾ ਸਬੂਤ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਦੇ ਰੂਪ ਵਿੱਚ ਵੀ ਮੌਜੂਦ ਹਨ। ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜੰਡਿਆਲਾ ਗੁਰੂ ਵਿਖੇ 13 ਜਨਵਰੀ ਨੂੰ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਇਹ ਵੀ ਕਿਹਾ ਗਿਆ ਕਿ ਅੱਗੇ ਵੀ ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ ਪ੍ਰੋਗਰਾਮ ਕਰਵਾਏ ਜਾਣਗੇ। ਜਦੋਂ ਕਿ ਪ੍ਰੋ. ਦਰਸ਼ਨ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਘੋਸ਼ਿਤ ਕੀਤਾ ਜਾ ਚੁੱਕਾ ਸੀ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਮੂਹ ਸੰਗਤ ਨੂੰ ਰਾਗੀ ਪ੍ਰੋ. ਦਰਸ਼ਨ ਸਿੰਘ ਨੂੰ ਕਿਸੇ ਤਰਾਂ ਦਾ ਸਹਿਯੋਗ ਨਾ ਦੇਣ ਦੇ ਆਦੇਸ਼ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਹੁਕਮਨਾਮੇ ਵਿੱਚ ਹਦਾਇਤ ਕੀਤੀ ਸੀ। ਪਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਖੁੱਲ੍ਹਮ-ਖੁੱਲ੍ਹੀ ਉਲੰਘਣਾ ਅਤੇ ਧਾਰਮਿਕ ਅਵੱਗਿਆ ਕੀਤੀ ਸੀ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਨੂੰ 17 ਨਵੰਬਰ 2009 ਨੂੰ ਅਮਰੀਕਾ ਦੇ ਰੋਚੈਸਟਰ ਗੁਰਦੁਆਰੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਕਰਨ ਲਈ 5 ਦਸੰਬਰ 2009 ਨੂੰ ਤਲਬ ਕੀਤਾ ਗਿਆ। ਪਰ ਉਹ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨਾਂ ਦੇ ਸਨਮੁੱਖ ਪੇਸ਼ ਨਾ ਹੋਇਆ, ਜਿਸ ਕਾਰਨ ਉਸ ਵਿਰੁੱਧ ਗੁਰੂ ਪੰਥ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਿਆਦਾ ਤੇ ਸਿਧਾਂਤ ਦੀ ਘੋਰ ਉਲੰਘਣਾ ਲਈ ’ਤਨਖ਼ਾਹੀਆ’ ਕਰਾਰ ਦਿੱਤਾ ਗਿਆ। ਹੁਕਮਨਾਮੇ ਵਿੱਚ ਜਦੋਂ ਤੱਕ ਉਹ ਤਨਖ਼ਾਹ ਨਾ ਲਵਾ ਲਵੇ, ਉਸ ਨੂੰ ਕਿਸੇ ਵੀ ਧਾਰਮਿਕ ਸਮਾਗਮ, ਗੁਰਦੁਆਰਾ ਸਾਹਿਬ ਜਾਂ ਸਭਾ-ਸੁਸਾਇਟੀ ਵਿੱਚ ਸਮਾਂ ਅਤੇ ਸਹਿਯੋਗ ਨਾ ਦੇਣ ਅਤੇ ਸਮੂਹ ਸੰਗਤ ਨੂੰ ਇਸ ਆਦੇਸ਼ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ।
ਇਸ ਤੋਂ ਬਾਅਦ ਵੀ ਪ੍ਰੋ. ਦਰਸ਼ਨ ਸਿੰਘ ਵੱਲੋਂ 29 ਜਨਵਰੀ 2010 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਾ ਹੋਏ, ਲਿਹਾਜ਼ਾ ਉਸ ਨੂੰ ਗੁਰੂ ਨਿੰਦਕ ਅਤੇ ਗੁਰੂ ਪੰਥ ਤੋਂ ਆਕੀ ਹੋਇਆ ਕਰਾਰ ਦਿੰਦਿਆਂ ਪੰਥ ਵਿੱਚੋਂ ਛੇਕ ਦਿੱਤਾ ਗਿਆ। ਹੁਕਮਨਾਮੇ ਵਿੱਚ ਇਹ ਵੀ ਦਰਜ ਕੀਤਾ ਗਿਆ ਸੀ ਕਿ ਉਸ ਨੂੰ ਕਿਸੇ ਵੀ ਕਿਸਮ ਦਾ ਸਹਿਯੋਗ ਦੇਣ ਵਾਲਾ ਭੀ ਗੁਰੂ ਪੰਥ ਦਾ ਦੇਣਦਾਰ ’ਤਨਖ਼ਾਹੀਆ’ ਹੋਵੇਗਾ। ਇਸ ਤੋਂ ਪਹਿਲਾਂ 8 ਜਨਵਰੀ 2007 ਅਤੇ ਫਿਰ 6 ਜੂਨ 2008 ਨੂੰ ਉਸ ਉੱਤੇ ਕੀਰਤਨ ਕਰਨ ਅਤੇ ਮੰਚ ਤੋਂ ਬੋਲਣ ਉੱਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਸੀ।

Related posts

ਸੰਗਰੂਰ ਸਿਵਲ ਹਸਪਤਾਲ ’ਚ ਨਾਰਮਲ ਸਲਾਈਨ ਲਗਾਉਣ ਨਾਲ 15 ਮਹਿਲਾ ਮਰੀਜ਼ਾਂ ਦੀ ਸਿਹਤ ਵਿਗੜੀ

Current Updates

ਸਾਬਕਾ ਮਰਚੈਂਟ ਨੇਵੀ ਮੁਲਾਜ਼ਮ ਵੱਲੋਂ ਧੀ ਦਾ ਕਤਲ; ਪਤਨੀ, ਮਾਂ ’ਤੇ ਹਥੌੜੇ ਨਾਲ ਹਮਲਾ

Current Updates

ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਾਲ ਬੈਠਕ ਤੋਂ ਬਾਅਦ ਹਰਸਿਮਰਤ ਬਾਦਲ ਦਾ ਦਾਅਵਾ: ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਦੀ ਸੁਰੱਖਿਆ ਸਾਡੀ ਪਹਿਲ

Current Updates

Leave a Comment