ਹਿਮਾਚਲ ਪ੍ਰਦੇਸ਼- ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਦਰਮਿਆਨ ਅਗਲੇ 24 ਘੰਟਿਆਂ ਵਿਚ ਸ਼ਿਮਲਾ, ਮੰਡੀ, ਕਾਂਗੜਾ, ਸਿਰਮੌਰ ਤੇ ਚੰਬਾ ਜ਼ਿਲ੍ਹਿਆਂ ਦੇ ਨਦੀਆਂ ਨਾਲਿਆਂ ਤੇ ਨੇੜਲੇ ਇਲਾਕਿਆਂ ਵਿਚ ਹਲਕੇ ਤੋਂ ਦਰਮਿਆਨੇ ਹੜ੍ਹਾਂ ਦੀ ਚੇਤਾਵਨੀ ਦਿੱਤੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਹਿਮਾਚਲ ਦੇ ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹਾਂ ਤੋਂ ਬਾਅਦ ਲਾਪਤਾ ਹੋਏ 10 ਲੋਕਾਂ ਦਾ ਪਤਾ ਲਗਾਉਣ ਲਈ ਖੋਜ ਕਾਰਜ ਤੇਜ਼ ਕਰ ਦਿੱਤੇ ਗਏ ਹਨ ਜਦੋਂਕਿ ਕੁਝ ਨੂੰ ਬਚਾ ਲਿਆ ਗਿਆ ਹੈ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੈਲਾਨੀਆਂ ਨੂੰ ਮੌਨਸੂਨ ਸੀਜ਼ਨ ਦੌਰਾਨ ਨਦੀਆਂ ਨਾਲਿਆਂ ਦੇ ਨੇੜੇ ਤੇ ਨੀਵੇਂ ਇਲਾਕਿਆਂ ਵਿਚ ਜਾਣ ਤੋਂ ਵਰਜਦਿਆਂ ਐਡਵਾਈਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਕਿਹਾ ਕਿ ਮੌਨਸੂਨ ਦੌਰਾਨ ਸੁਰੱਖਿਆ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ।
ਬੁੱਧਵਾਰ ਸ਼ਾਮ ਨੂੰ ਭਾਰੀ ਮੀਂਹ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਕਰੀਬ 20 ਲੋਕਾਂ ਦੇ ਰੁੜ੍ਹ ਜਾਣ ਦਾ ਖਦਸ਼ਾ ਹੈ। ਹਾਲਾਂਕਿ ਕੁਝ ਲਾਪਤਾ ਲੋਕਾਂ ਨੂੰ ਬਚਾ ਲਿਆ ਗਿਆ ਹੈ। ਕਾਂਗੜਾ ਵਿੱਚ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ ਵਿਚ ਬੁੱਧਵਾਰ ਸ਼ਾਮ ਨੂੰ ਖਨਿਆਰਾ ਪਿੰਡ ਨੇੜੇ ਇੰਦਰਾ ਪ੍ਰਿਯਦਰਸ਼ਨੀ ਪਣ-ਬਿਜਲੀ ਪ੍ਰੋਜੈਕਟ ’ਤੇ ਕੰਮ ਕਰ ਰਹੇ ਮਜ਼ਦੂਰ ਵਹਿ ਗਏ। ਅੱਠ ਮਜ਼ਦੂਰ ਲਾਪਤਾ ਹਨ ਅਤੇ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਸਥਾਨਕ ਪ੍ਰਸ਼ਾਸਨ ਵੱਲੋਂ 170 ਤੋਂ ਵੱਧ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਨ੍ਹਾਂ ਦੇ ਰੈਣ ਬਸੇਰੇ ਦਾ ਪ੍ਰਬੰਧ ਕੀਤਾ ਗਿਆ ਹੈ। ਡਰੋਨ ਦੀ ਮਦਦ ਨਾਲ ਬਚਾਅ ਕਾਰਜ ਵੀਰਵਾਰ ਨੂੰ ਵੀ ਜਾਰੀ ਰਹੇ। ਨੇੜਲੇ ਜੰਗਲਾਂ ਵਿੱਚ ਇੱਕ ਮਜ਼ਦੂਰ ਅਜੇ ਵੀ ਲਾਪਤਾ ਹੈ। ਅਧਿਕਾਰੀਆਂ ਨੇ ਜਿੱਥੇ ਇਸ ਨੂੰ ਕੁਦਰਤੀ ਆਫ਼ਤ ਦੱਸਿਆ, ਉਥੇ ਕੁਝ ਮਜ਼ਦੂਰਾਂ ਨੇ ਇਸ ਦੁਖਾਂਤ ਲਈ ਗੈਰ-ਕਾਨੂੰਨੀ ਮਾਈਨਿੰਗ ਅਤੇ ਨਾਲੇ ਨੇੜੇ ਅਸੁਰੱਖਿਅਤ ਰੈਣ ਬਸੇਰੇ ਨੂੰ ਜ਼ਿੰਮੇਵਾਰ ਦੱਸਿਆ।
ਕੁੱਲੂ ਜ਼ਿਲ੍ਹੇ ਦੇ ਰੇਹਲਾ ਬਿਹਾਲ ਵਿਚ ਤਿੰਨ ਵਿਅਕਤੀ, ਜੋ ਆਪਣੇ ਘਰਾਂ ਤੋਂ ਕੀਮਤੀ ਸਮਾਨ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਹੜ੍ਹ ਵਿੱਚ ਵਹਿ ਗਏ ਸਨ, ਅਜੇ ਵੀ ਲਾਪਤਾ ਹਨ। ਡਿਪਟੀ ਕਮਿਸ਼ਨਰ ਹੇਮਰਾਜ ਬੈਰਵਾ ਨੇ ਮੌਕੇ ਦਾ ਦੌਰਾ ਕਰਨ ਤੋਂ ਬਾਅਦ, ਸੂਬਾਈ ਆਫ਼ਤ ਰਿਸਪਾਂਸ ਫੋਰਸ (SDRF) ਦੀਆਂ ਦੋ ਟੀਮਾਂ ਅਤੇ ਹੋਮ ਗਾਰਡਾਂ ਦੀ ਇੱਕ ਟੀਮ ਨੂੰ ਮੌਕੇ ’ਤੇ ਤਾਇਨਾਤ ਕੀਤਾ ਹੈ। ਕੌਮੀ ਆਫ਼ਤ ਰਿਸਪਾਂਸ ਫੋਰਸ (NDRF) ਨੂੰ ਵੀ ਬਚਾਅ ਕਾਰਜਾਂ ਲਈ ਬੁਲਾਇਆ ਗਿਆ ਹੈ।
ਪਣਬਿਜਲੀ ਪ੍ਰੋਜੈਕਟ ਵਾਲੀ ਥਾਂ ’ਤੇ ਛੇ ਲੋਕਾਂ ਦੇ ਹੜ੍ਹ ਵਿੱਚ ਰੁੜ੍ਹਨ ਦਾ ਖਦਸ਼ਾ ਹੈ ਜਦੋਂ ਕਿ ਇੱਕ ਵਿਅਕਤੀ ਆਪਣੇ ਆਪ ਨੂੰ ਬਚਾਉਣ ਲਈ ਨੇੜਲੀ ਪਹਾੜੀ ਵੱਲ ਭੱਜਦਾ ਦੇਖਿਆ ਗਿਆ। ਡੀਸੀ ਨੇ ਕਿਹਾ ਕਿ ਉਸ ਦੇ ਟਿਕਾਣੇ ਬਾਰੇ ਅਜੇ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਕੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਜਦੋਂਕਿ ਖੋਜ ਅਤੇ ਬਚਾਅ ਕਾਰਜ ਪਹਿਲੀ ਤਰਜੀਹ ਹਨ। ਲਾਪਤਾ ਲੋਕਾਂ ਵਿਚੋਂ ਕੁਝ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਅਤੇ ਚੰਬਾ ਖੇਤਰਾਂ ਤੋਂ ਹਨ ਅਤੇ ਕੁਝ ਉੱਤਰ ਪ੍ਰਦੇਸ਼ ਤੋਂ ਹਨ।
ਉਧਰ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਮਨੂਨੀ ਖੱਡ ਵਿੱਚ ਪਾਣੀ ਦੇ ਵਹਾਅ ਵਿੱਚ ਅਚਾਨਕ ਵਾਧੇ ਕਾਰਨ ਵਹਿ ਗਏ ਮਜ਼ਦੂਰਾਂ ਦੇ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਜਤਾਈ ਹੈ। ਨੱਢਾ ਨੇ ਇਕ ਬਿਆਨ ਵਿਚ ਕਿਹਾ, ‘‘ਇਸ ਸੰਕਟ ਦੀ ਘੜੀ ਵਿੱਚ, ਹਰ ਭਾਜਪਾ ਵਰਕਰ ਦੇਵਭੂਮੀ ਦੇ ਨਾਗਰਿਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਸਮਰਪਿਤ ਹੈ। ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਦੇਵੇ ਅਤੇ ਦੁਖੀ ਪਰਿਵਾਰਾਂ ਨੂੰ ਤਾਕਤ ਦੇਵੇ।’’
ਧਰਮਸ਼ਾਲਾ ਤੋਂ ਭਾਜਪਾ ਵਿਧਾਇਕ ਸੁਧੀਰ ਸ਼ਰਮਾ, ਜੋ ਵੀਰਵਾਰ ਨੂੰ ਮੌਕੇ ’ਤੇ ਪਹੁੰਚੇ, ਨੇ ਕਿਹਾ ਕਿ ਪ੍ਰੋਜੈਕਟ ਸਾਈਟ ਉਨ੍ਹਾਂ ਦੇ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਨੂੰ ਇੱਕ ਫੋਨ ਆਇਆ ਕਿ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ 15-20 ਲੋਕ ਵਹਿ ਗਏ ਹਨ। ਸ਼ਰਮਾ ਨੇ ਕਿਹਾ ਕਿ ਨਾਲੇ ਦੇ ਨੇੜੇ ਮਜ਼ਦੂਰਾਂ ਲਈ ਸ਼ੈੱਡ ਬਣਾਉਣਾ, ਅਤੇ ਮੌਸਮ ਅਸੁਰੱਖਿਅਤ ਹੋਣ ’ਤੇ ਉਨ੍ਹਾਂ ਨੂੰ ਉਥੋਂ ਨਾ ਬਦਲਣਾ ਵੱਡੀ ਲਾਪਰਵਾਹੀ ਹੈ ਅਤੇ ਇਸ ਦੀ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਵਿਧਾਇਕ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ।
ਅਧਿਕਾਰੀਆਂ ਅਨੁਸਾਰ ਮੀਂਹ ਕਾਰਨ ਪ੍ਰੋਜੈਕਟ ਦਾ ਕੰਮ ਮੁਅੱਤਲ ਕਰ ਦਿੱਤਾ ਗਿਆ ਸੀ, ਅਤੇ ਮਜ਼ਦੂਰ ਸਾਈਟ ਦੇ ਨੇੜੇ ਅਸਥਾਈ ਰੈਣਬਸੇਰੇ ਵਿੱਚ ਆਰਾਮ ਕਰ ਰਹੇ ਸਨ ਜਦੋਂ ਮਨੂਨੀ ਖੱਡ ਅਤੇ ਨੇੜਲੇ ਨਾਲਿਆਂ ਤੋਂ ਹੜ੍ਹ ਦਾ ਪਾਣੀ ਲੇਬਰ ਕਲੋਨੀ ਵੱਲ ਮੁੜ ਗਿਆ, ਜੋ ਕਈਆਂ ਨੂੰ ਵਹਾ ਕੇ ਲੈ ਗਿਆ।
ਕੁੱਲੂ ਜ਼ਿਲ੍ਹੇ ਵਿੱਚ ਤਿੰਨ ਲੋਕਾਂ ਦੀ ਭਾਲ ਜਾਰੀ ਹੈ ਜੋ ਸੈਂਜ ਦੇ ਰੇਹਲਾ ਬਿਹਾਲ ਖੇਤਰ ਵਿੱਚ ਆਪਣੇ ਘਰਾਂ ਤੋਂ ਆਪਣਾ ਕੀਮਤੀ ਸਮਾਨ ਲਿਜਾਣ ਦੀ ਕੋਸ਼ਿਸ਼ ਕਰਦੇ ਸਮੇਂ ਰੁੜ੍ਹ ਗਏ ਸਨ।
ਕੁੱਲੂ ਜ਼ਿਲ੍ਹੇ ਦੇ ਗੜ੍ਹਸਾ ਖੇਤਰ ਦੇ ਸੈਂਜ ਅਤੇ ਸ਼ਿਲਾਗੜ੍ਹ ਵਿੱਚ ਜੀਵਾ ਨਾਲਾ ਅਤੇ ਰੇਹਲਾ ਬਿਹਾਲ ਵਿੱਚ ਬੱਦਲ ਫਟਣ ਦੀਆਂ ਤਿੰਨ ਘਟਨਾਵਾਂ ਦੀ ਰਿਪੋਰਟ ਹੈ। ਜ਼ਿਲ੍ਹੇ ਦੇ ਮਨਾਲੀ ਅਤੇ ਬੰਜਾਰ ਤੋਂ ਵੀ ਅਚਾਨਕ ਹੜ੍ਹ ਆਉਣ ਦੀ ਰਿਪੋਰਟ ਮਿਲੀ ਹੈ, ਅਤੇ ਖੋਜ ਕਾਰਜ ਜਾਰੀ ਹਨ।