August 6, 2026
ਖਾਸ ਖ਼ਬਰਰਾਸ਼ਟਰੀ

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਖੋਲ੍ਹੇ

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਖੋਲ੍ਹੇ

ਉੱਤਰਾਖੰਡ- ਉੱਤਰਾਖੰਡ ’ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸੰਗਤ ਵਾਸਤੇ ਖੋਲ੍ਹ ਦਿੱਤੇ ਗਏ ਅਤੇ ਸਿੱਖ ਧਾਰਮਿਕ ਪਰੰਪਰਾਵਾਂ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਅੱਜ ਪਹਿਲੇ ਦਿਨ ਲਗਪਗ 5 ਹਜਾਰ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਅੱਜ ਸਵੇਰੇ ਜਦੋਂ ਗੁਰਦੁਆਰਾ ਸਾਹਿਬ ਦੇ ਕਿਵਾੜ ਖੋਲ੍ਹੇ ਗਏ ਤਾਂ ਗ੍ਰੰਥੀ ਗਿਆਨੀ ਮਿਲਾਪ ਸਿੰਘ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਰਬਾਰ ਹਾਲ ’ਚ ਸੁਸ਼ੋਭਿਤ ਕੀਤੇ। ਇਸ ਮੌਕੇ ਪੰਜ ਪਿਆਰੇ ਅਗਵਾਈ ਕਰ ਰਹੇ ਸਨ ਅਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸ਼ਬਦ ਗਾਇਨ ਕੀਤੇ ਗਏ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਫਿਲਹਾਲ ਬਰਫ ਜੰਮੀ ਹੋਈ ਹੈ ਪਰ ਸੰਗਤਾਂ ਨੇ ਸ਼ਰਧਾ ਭਾਵ ਨਾਲ ਸਰੋਵਰ ਵਿੱਚ ਇਸ਼ਨਾਨ ਕੀਤਾ। ਇਥੇ ਪ੍ਰਬੰਧਕਾਂ ਵੱਲੋਂ ਫੁੱਲਾਂ ਦੇ ਨਾਲ ਸੁੰਦਰ ਸਜਾਵਟ ਕੀਤੀ ਗਈ ਹੈ। ਸਵੇਰੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਮਗਰੋਂ ਅਰਦਾਸ ਕੀਤੀ ਗਈ।

ਗੁਰਮਤਿ ਸਮਾਗਮ ਦੌਰਾਨ ਗੁਰਦੁਆਰਾ ਸ੍ਰੀ ਗੋਬਿੰਦ ਕਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਯਾਤਰਾ ਲਈ ਪੁੱਜੀਆਂ ਸੰਗਤਾਂ ਨੂੰ ਜੀ ਆਇਆ ਕਿਹਾ ਅਤੇ ਯਾਤਰਾ ਸਬੰਧੀ ਕੁਝ ਜਰੂਰੀ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਯਾਤਰਾ ਦੀ ਸਫਲਤਾ ਲਈ ਜਿੱਥੇ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ ,ਉਥੇ ਸਥਾਨਕ ਪ੍ਰਸ਼ਾਸਨ ਅਤੇ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਅਸਥਾਨ ਤੇ ਸ਼ਰਧਾ ਭਾਵਨਾ ਲੈ ਕੇ ਆਉਣ ਅਤੇ ਗੁਰੂ ਦਾ ਸਿਮਰਨ ਕਰਦੇ ਹੋਏ ਯਾਤਰਾ ਕਰਨ। ਫਿਲਹਾਲ ਮੌਜੂਦਾ ਸਥਿਤੀ ਵਿੱਚ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਯਾਤਰਾ ਤੇ ਆਉਣ ਤੋਂ ਸੰਕੋਚ ਕਰਨ ਲਈ ਕਿਹਾ ਗਿਆ ਹੈ।

ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਅਸਥਾਨ ਦੀ ਯਾਤਰਾ ਬਾਰੇ ਕਿਸੇ ਵੀ ਤਰ੍ਹਾਂ ਦੇ ਭਰਮ ਭੁਲੇਖੇ ਵਿੱਚ ਪੈਣ ਦੀ ਥਾਂ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਸਹੀ ਜਾਣਕਾਰੀ ਲੈਣ। ਇਸ ਮੌਕੇ ਭਾਰਤੀ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਜਿਨਾਂ ਵੱਲੋਂ ਬਰਫ ਕੱਟ ਕੇ ਰਸਤਾ ਤਿਆਰ ਕੀਤਾ ਗਿਆ ਹੈ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

Related posts

ਸ਼ੇਅਰ ਮਾਰਕੀਟ ਵਿਚ ਤੇਜ਼ੀ ਜਾਰੀ, 300 ਤੋਂ ਜ਼ਿਆਦਾ ਅੰਕਾ ਦੇ ਵਾਧੇ ਨਾਲ ਖੁੱਲ੍ਹਿਆ ਸੈਂਸੈਕਸ

Current Updates

ਹੋਰ ਚਵਨਪ੍ਰਾਸ਼ਾਂ ਨੂੰ ਧੋਖਾ ਕਿਵੇਂ ਦੱਸ ਸਕਦੀ ਹੈ ਪਤੰਜਲੀ

Current Updates

ਪੰਜਾਬ ਨੂੰ ਐਕਸਪੋਰਟ ਪ੍ਰੀਪੇਅਰਡਨੈੱਸ ਇੰਡੈਕਸ 2024 ’ਚ ‘ਲੀਡਰ ਸਟੇਟ’ ਵਜੋਂ ਮਾਨਤਾ

Current Updates

Leave a Comment