ਪਟਿਆਲਾ- ਪਟਿਆਲਾ ਪੁਲੀਸ ਨੇ ਸੜਕ ਸੁਰੱਖਿਆ ਫੋਰਸ (SSF) ਦੇ ਦੋ ਸਹਾਇਕ ਸਬ-ਇੰਸਪੈਕਟਰਾਂ (ASI) ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ‘ਤੇ ਸੁੰਨਸਾਨ ਥਾਵਾਂ ‘ਤੇ ਜੋੜਿਆਂ ਨੂੰ ਨਿਸ਼ਾਨਾ ਬਣਾਉਣ, ਉਨ੍ਹਾਂ ਦੀ ਵੀਡੀਓ ਬਣਾਉਣ ਅਤੇ ਡਰਾ-ਧਮਕਾ ਕੇ ਪੈਸੇ ਵਸੂਲਣ ਦਾ ਦੋਸ਼ ਹੈ। ਪੁਲੀਸ ਨੇ ਏ ਐੱਸ ਆਈ ਕਰਨੈਲ ਸਿੰਘ ਅਤੇ ਉਸਦੇ ਸਾਥੀ ਗੁਰਪ੍ਰੀਤ ਸਿੰਘ (ਜੋ ਕਿ ਫਰਜ਼ੀ ਪੁਲੀਸ ਅਧਿਕਾਰੀ ਬਣਿਆ ਹੋਇਆ ਸੀ) ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਤੀਜੇ ਮੁਲਜ਼ਮ ਏ ਐੱਸ ਆਈ ਬਲਿਹਾਰ ਸਿੰਘ ਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਸ਼ੱਕ ਪੈਣ ‘ਤੇ ਕਾਰ ਵਿੱਚ ਬੈਠੇ ਨੌਜਵਾਨ ਨੇ ਪਟਿਆਲਾ ਵਿੱਚ ਤਾਇਨਾਤ ਆਪਣੇ ਇੱਕ ਜਾਣਕਾਰ ਪੁਲੀਸ ਸਬ-ਇੰਸਪੈਕਟਰ ਨੂੰ ਮਦਦ ਲਈ ਗੁਪਤ ਤਰੀਕੇ ਨਾਲ ਫੋਨ ਕੀਤਾ। ਉਸ ਅਧਿਕਾਰੀ ਨੇ ਸਬੰਧਤ ਥਾਣੇ ਅਤੇ ਸਥਾਨਕ ਚੌਕੀ ਤੋਂ ਪੁਸ਼ਟੀ ਕੀਤੀ ਕਿ ਕੀ ਉਸ ਥਾਂ ‘ਤੇ ਪੁਲੀਸ ਵੱਲੋਂ ਕੋਈ ਅਧਿਕਾਰਤ ਨਾਕਾ ਲਗਾਇਆ ਗਿਆ ਸੀ ਜਾਂ ਨਹੀਂ। ਇਹ ਪੁਸ਼ਟੀ ਹੋਣ ਤੋਂ ਬਾਅਦ ਕਿ ਉੱਥੇ ਕੋਈ ਸਰਕਾਰੀ ਟੀਮ ਡਿਊਟੀ ‘ਤੇ ਨਹੀਂ ਸੀ, ਸਬ-ਇੰਸਪੈਕਟਰ ਤੁਰੰਤ ਮੌਕੇ ‘ਤੇ ਪਹੁੰਚਿਆ, ਸ਼ੱਕੀਆਂ ਨੂੰ ਘੇਰ ਲਿਆ ਅਤੇ ਪੁਲੀਸ ਨੂੰ ਸੂਚਿਤ ਕੀਤਾ। ਇਸ ਕਾਰਵਾਈ ਨਾਲ ਗੁਰਪ੍ਰੀਤ ਸਿੰਘ ਅਤੇ ਏ ਐੱਸ ਆਈ ਕਰਨੈਲ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।
ਗੁਰਪ੍ਰੀਤ ਸਿੰਘ ਦੇ ਮੋਬਾਈਲ ਫੋਨ ਦੀ ਫੋਰੈਂਸਿਕ ਜਾਂਚ ਦੌਰਾਨ ਲਗਪਗ 90 ਵੀਡੀਓ ਬਰਾਮਦ ਹੋਈਆਂ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਇਹ ਗਿਰੋਹ ਇਲਾਕੇ ਦੇ ਕਈ ਜੋੜਿਆਂ ਨੂੰ ਨਿਸ਼ਾਨਾ ਬਣਾ ਕੇ ਲੰਮੇ ਸਮੇਂ ਤੋਂ ਜਬਰੀ ਵਸੂਲੀ ਦਾ ਰੈਕੇਟ ਚਲਾ ਰਿਹਾ ਸੀ। ਪਸਿਆਣਾ ਥਾਣੇ ਦੇ ਐੱਸ ਐੱਚ ਓ (SHO) ਪਵਿੱਤਰ ਸਿੰਘ ਨੇ ਪੁਸ਼ਟੀ ਕੀਤੀ ਕਿ ਤਿੰਨ ਵਿਅਕਤੀਆਂ ਖਿਲਾਫ ਐੱਫ ਆਈ ਆਰ ਦਰਜ ਕੀਤੀ ਗਈ ਹੈ। ਐੱਸ ਐੱਚ ਓ ਨੇ ਦੱਸਿਆ, “ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਦੋ ਦਿਨਾਂ ਦੇ ਪੁਲੀਸ ਰਿਮਾਂਡ ‘ਤੇ ਲਿਆ ਗਿਆ ਹੈ। ਅਸੀਂ ਇਸ ਬਲੈਕਮੇਲਿੰਗ ਨੈੱਟਵਰਕ ਦਾ ਪੂਰਾ ਖੁਲਾਸਾ ਕਰਨ ਅਤੇ ਹੋਰ ਪੀੜਤਾਂ ਦਾ ਪਤਾ ਲਗਾਉਣ ਲਈ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਾਂ।”
