ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਫੇਰੀ ਦੌਰਾਨ ਕਾਲੀ ਪੱਗ ਜਾਂ ਕਾਲੇ ਪਰਨੇ ’ਚ ਨਜ਼ਰ ਆਉਣਗੇ। ਅੱਜ ਕੇਂਦਰੀ ਗ੍ਰਹਿ ਮੰਤਰੀ ਦਿੱਲੀ ਤੋਂ ਅੰਮ੍ਰਿਤਸਰ ਪੁੱਜ ਰਹੇ ਹਨ ਜਿੱਥੋਂ ਉਹ ਗੁਰਦਾਸਪੁਰ ਦੇ ਪਿੰਡ ਮਾੜੀ ਪੰਨੂਆਂ ਵਿਖੇ ਜਾਣਗੇ। ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅੱਜ ਪੰਜਾਬ ਦੇ ਤਿੰਨ ਪੀੜਤ ਪਰਿਵਾਰਾਂ ਨੂੰ ਕਾਲੀ ਪੱਗ ਜਾਂ ਕਾਲਾ ਪਰਨਾ ਬੰਨ੍ਹ ਕੇ ਮਿਲਣ ਜਾਣਗੇ ਤਾਂ ਜੋ ‘ਆਪ’ ਸਰਕਾਰ ਖ਼ਿਲਾਫ਼ ਰੋਸ ਜ਼ਾਹਰ ਕੀਤਾ ਜਾ ਸਕੇ। ਪੰਜਾਬ ਭਾਜਪਾ ਦੇ ਆਗੂ ਵੀ ਅੱਜ ਕਾਲੀਆਂ ਪੱਗਾਂ ਬੰਨ੍ਹਣਗੇ।
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕੁਝ ਦਿਨ ਪਹਿਲਾਂ ਮਾਨਸਾ ਵਿਖੇ ਐਕਸ਼ਨ ਕਮੇਟੀ ਦੇ ਇਕੱਠ ’ਚ ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣ ਦਾ ਐਲਾਨ ਕੀਤਾ ਸੀ ਅਤੇ ਉਨ੍ਹਾਂ ਨੇ ਖ਼ੁਦ ਕਾਲੀ ਪੱਗ ਬੰਨ੍ਹ ਕੇ ਸ਼ੁਰੂਆਤ ਕੀਤੀ ਸੀ। ਪੰਜਾਬ ਭਾਜਪਾ ਵੱਲੋਂ ਅੱਜ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਾਲੀ ਪੱਗ ਜਾਂ ਕਾਲਾ ਪਰਨਾ ਬੰਨ੍ਹਿਆਂ ਜਾਵੇਗਾ।
