ਫ਼ਿਰੋਜ਼ਪੁਰ- ਬੀ ਐੱਸ ਐੱਫ (BSF) ਅਤੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਦੀ ਸਾਂਝੀ ਕਾਰਵਾਈ ਵਿੱਚ ਸ਼ਨਿੱਚਰਵਾਰ ਨੂੰ 19.820 ਕਿਲੋ ਹੈਰੋਇਨ ਬਰਾਮਦ ਹੋਣ ਅਤੇ ਦੋ ਤਸਕਰਾਂ ਦੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ, ਬੀ ਐੱਸ ਐੱਫ ਅਤੇ ਪੁਲੀਸ ਨੇ ਅੱਜ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਇਲਾਕੇ ਤੋਂ ਤਿੰਨ ਹੋਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 12.301 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਜਾਣਕਾਰੀ ਅਨੁਸਾਰ, ਗੁਪਤ ਸੂਚਨਾ ਮਿਲਣ ਤੋਂ ਬਾਅਦ, ਸਰਹੱਦੀ ਚੌਕੀ (ਬੀ ਓ ਪੀ) ਕੱਸੋਕੇ ਦੇ ਇਲਾਕੇ ਵਿੱਚ ਇਹ ਅਪਰੇਸ਼ਨ ਚਲਾਇਆ ਗਿਆ ਸੀ, ਜਿੱਥੇ ਸਾਜਨ ਸਿੰਘ, ਬੌਬੀ ਸਿੰਘ ਅਤੇ ਸੁੱਚਾ ਸਿੰਘ ਵਜੋਂ ਪਛਾਣੇ ਗਏ ਤਿੰਨ ਵਿਅਕਤੀਆਂ ਨੂੰ ਹੈਰੋਇਨ ਦੀ ਖੇਪ ਸਮੇਤ ਕਾਬੂ ਕਰ ਲਿਆ ਗਿਆ। ਇਹ ਸਾਰੇ ਪਿੰਡ ਕਿਲਚੇ ਦੀ ਢਾਣੀ ਰਾਜਪੂਤਾਂ ਦੇ ਵਸਨੀਕ ਹਨ। ਬਾਅਦ ਵਿੱਚ, ਪੁਲੀਸ ਨੇ ਥਾਣਾ ਸਦਰ ਵਿਖੇ ਤਿੰਨਾਂ ਖਿਲਾਫ਼ ਐੱਨ ਡੀ ਪੀ ਐੱਸ (NDPS) ਐਕਟ ਤਹਿਤ ਮਾਮਲਾ ਦਰਜ ਕਰ ਲਿਆ।
ਐੱਸ ਐੱਸ ਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਇਸ ਮਾਮਲੇ ਦੀਆਂ ਕੜੀਆਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਐੱਸ ਐੱਸ ਪੀ ਨੇ ਕਿਹਾ ਕਿ ਹੈਰੋਇਨ ਦੀ ਖੇਪ ਕਿੱਥੋਂ ਆਈ ਸੀ ਅਤੇ ਇਹ ਕਿਸ ਨੂੰ ਦਿੱਤੀ ਜਾਣੀ ਸੀ, ਇਸ ਬਾਰੇ ਪਤਾ ਲਗਾਉਣ ਲਈ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਐੱਸ ਐੱਸ ਪੀ ਮੁਤਾਬਕ, “ਪੁਲੀਸ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ।” ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ, ਪੁਲੀਸ ਨੇ ਕਾਊਂਟਰ ਇੰਟੈਲੀਜੈਂਸ ਯੂਨਿਟ ਵਿੱਚ ਤਾਇਨਾਤ ਇੱਕ ਇੰਸਪੈਕਟਰ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਨੇ ਉਸ ਵੇਲੇ ਉਸਨੂੰ ਕਾਬੂ ਕੀਤਾ ਜਦੋਂ ਉਹ ਫ਼ਿਰੋਜ਼ਪੁਰ-ਮੋਗਾ ਰੋਡ ‘ਤੇ ਆਪਣੀ ਕਾਰ ਵਿੱਚ ਸਫ਼ਰ ਕਰ ਰਿਹਾ ਸੀ ਅਤੇ ਉਸਦੇ ਕਬਜ਼ੇ ਵਿੱਚੋਂ 3.350 ਕਿਲੋ ਹੈਰੋਇਨ, ਮੈਗਜ਼ੀਨਾਂ ਸਮੇਤ ਛੇ ਪਿਸਤੌਲ, ਚਾਰ ਮੈਗਜ਼ੀਨ, ਸੱਤ ਜਿੰਦਾ ਕਾਰਤੂਸ ਅਤੇ ਛੇ ਮੋਬਾਈਲ ਫੋਨ ਬਰਾਮਦ ਕੀਤੇ ਸਨ।
