ਹੁਸ਼ਿਆਰਪੁਰ: ਹੁਸ਼ਿਆਰਪੁਰ ਦੀ ਵਿਸ਼ੇਸ਼ ਅਦਾਲਤ ਵੱਲੋਂ 5 ਸਾਲਾ ਮਾਸੂਮ ਬੱਚੇ ਨਾਲ ਦਰਿੰਦਗੀ ਕਰਨ ਅਤੇ ਉਸ ਦਾ ਕਤਲ ਕਰਨ ਦੇ ਚਰਚਿਤ ਮਾਮਲੇ ਵਿੱਚ ਇੱਕ ਵੱਡਾ ਤੇ ਇਤਿਹਾਸਕ ਫੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ ਦੋਸ਼ੀ ਪਰਵਾਸੀ ਮਜ਼ਦੂਰ ਨਾਨਕੇ ਯਾਦਵ (ਵਾਸੀ ਉੱਤਰ ਪ੍ਰਦੇਸ਼) ਨੂੰ ਗੰਭੀਰ ਧਾਰਾਵਾਂ ਤਹਿਤ ਦੋਸ਼ੀ ਮੰਨਦਿਆਂ ਫਾਂਸੀ (ਸਜ਼ਾ-ਏ-ਮੌਤ) ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਵਾਰਦਾਤ ਨੂੰ ਅਤਿ-ਗੰਭੀਰ ਅਤੇ ਰੇਅਰ ਆਫ ਦ ਰੇਅਰ (Rarest of Rare) ਸ਼੍ਰੇਣੀ ਵਿੱਚ ਰੱਖਦਿਆਂ ਇਹ ਫੈਸਲਾ ਦਿੱਤਾ।
ਇਹ ਦਰਦਨਾਕ ਘਟਨਾ ਹੁਸ਼ਿਆਰਪੁਰ ਦੇ ਦੀਪ ਨਗਰ ਇਲਾਕੇ ਵਿੱਚ ਵਾਪਰੀ ਸੀ, ਜਿੱਥੋਂ 5 ਸਾਲਾ ਮਾਸੂਮ ਬੱਚਾ ਹਰਵੀਰ ਸਿੰਘ ਆਪਣੇ ਘਰ ਦੇ ਬਾਹਰ ਖੇਡਦਿਆਂ ਅਚਾਨਕ ਲਾਪਤਾ ਹੋ ਗਿਆ ਸੀ। ਜਦੋਂ ਬੱਚਾ ਕਾਫ਼ੀ ਦੇਰ ਘਰ ਨਾ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਅਗਲੇ ਦਿਨ ਪੁਰਹੀਰਾਂ ਦੇ ਸ਼ਮਸ਼ਾਨਘਾਟ ਨੇੜਿਓਂ ਬੱਚੇ ਦੀ ਦੇਹ ਬਰਾਮਦ ਹੋਈ। ਪੋਸਟਮਾਰਟਮ ਰਿਪੋਰਟ ਵਿੱਚ ਬੱਚੇ ਨਾਲ ਬਦਫੈਲੀ ਹੋਣ ਅਤੇ ਗਲਾ ਘੁੱਟ ਕੇ ਉਸ ਦਾ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ, ਜਿਸ ਤੋਂ ਬਾਅਦ ਇਲਾਕੇ ਵਿੱਚ ਭਾਰੀ ਰੋਸ ਫੈਲ ਗਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ। ਆਸ-ਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਤੋਂ ਬਾਅਦ ਦੋਸ਼ੀ ਦੀ ਪਛਾਣ ਨਾਨਕੇ ਯਾਦਵ ਵਜੋਂ ਹੋਈ, ਜੋ ਕਿ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਇੱਥੇ ਮਜ਼ਦੂਰੀ ਕਰਦਾ ਸੀ। ਪੁਲਿਸ ਨੇ ਤਕਨੀਕੀ ਸਬੂਤਾਂ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀ ਨੂੰ ਕਾਬੂ ਕਰ ਲਿਆ, ਜਿਸ ਨੇ ਪੁੱਛਗਿੱਛ ਦੌਰਾਨ ਆਪਣੇ ਗੁਨਾਹ ਕਬੂਲ ਲਏ।
ਪੋਕਸੋ (POCSO) ਐਕਟ ਅਧੀਨ ਬਣੀ ਵਿਸ਼ੇਸ਼ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਤੇਜ਼ੀ ਨਾਲ ਪੂਰੀ ਕੀਤੀ ਗਈ। ਸਰਕਾਰੀ ਪੱਖ ਵੱਲੋਂ ਅਦਾਲਤ ਵਿੱਚ ਠੋਸ ਵਿਗਿਆਨਕ ਸਬੂਤ, ਸੀਸੀਟੀਵੀ ਫੁਟੇਜ ਅਤੇ ਗਵਾਹਾਂ ਦੇ ਬਿਆਨ ਪੇਸ਼ ਕੀਤੇ ਗਏ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇ ਨਾਲ-ਨਾਲ ਭਾਰੀ ਜੁਰਮਾਨਾ ਵੀ ਲਗਾਇਆ।
ਫੈਸਲਾ ਆਉਣ ਤੋਂ ਬਾਅਦ ਪੀੜਤ ਪਰਿਵਾਰ ਨੇ ਅਦਾਲਤ ਅਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਾਲਾਂਕਿ ਉਨ੍ਹਾਂ ਦਾ ਮਾਸੂਮ ਬੱਚਾ ਵਾਪਸ ਨਹੀਂ ਆ ਸਕਦਾ, ਪਰ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਮਿਲਣ ਨਾਲ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲਿਆ ਹੈ। ਸਥਾਨਕ ਲੋਕਾਂ ਅਤੇ ਵਕੀਲਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਫੈਸਲਿਆਂ ਨਾਲ ਸਮਾਜ ਵਿੱਚ ਇੱਕ ਸਖ਼ਤ ਸੁਨੇਹਾ ਜਾਵੇਗਾ ਅਤੇ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਪੈਦਾ ਹੋਵੇਗਾ।
