September 6, 2026
ਪੰਜਾਬ

ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਅੱਜ ਸ਼ਾਮ ਛੇ ਵਜੇ ਹੋਵੇਗੀ ਮੀਟਿੰਗ

ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਅੱਜ ਸ਼ਾਮ ਛੇ ਵਜੇ ਹੋਵੇਗੀ ਮੀਟਿੰਗ

ਮੁਹਾਲੀ- ਪਹਿਲੀ ਸਤੰਬਰ ਤੋਂ ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਧਰਨੇ ’ਤੇ ਬੈਠੀਆਂ ਸੰਯੁਕਤ ਕਿਸਾਨ ਮੋਰਚਾ ਹੇਠਲੀਆਂ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਵਿਚਾਲੇ ਆਖ਼ਰ ਮੀਟਿੰਗ ਤੈਅ ਹੋ ਗਈ ਹੈ। ਦੋਹਾਂ ਧਿਰਾਂ ਵਿਚਾਲੇ ਅੱਜ ਸ਼ਾਮੀਂ ਛੇ ਵਜੇ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਗੱਲਬਾਤ ਹੋਵੇਗੀ। ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਤੋਂ ਇਲਾਵਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਭਾਗ ਲੈ ਰਹੇ ਹਨ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ 25 ਨੁਮਾਇੰਦੇ ਇਸ ਮੀਟਿੰਗ ਵਿੱਚ ਸ਼ਮੂਲੀਅਤ ਕਰ ਰਹੇ ਹਨ, ਜਿਹੜੇ ਕਿ ਹੁਣ ਤੋਂ ਕੁਝ ਸਮਾਂ ਬਾਅਦ ਮੋਰਚੇ ਵਾਲੇ ਸਥਾਨ ਤੋਂ ਚੰਡੀਗੜ੍ਹ ਲਈ ਰਵਾਨਾ ਹੋਣਗੇ। ਕਿਸਾਨ ਆਗੂ ਰਮਿੰਦਰ ਸਿੰਘ ਪਟਿਆਲਾ ਨੇ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਹੋ ਰਹੀ ਮੀਟਿੰਗ ਦੀ ਪੁਸ਼ਟੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਮੀਟਿੰਗ ਹੋਣ ਨੂੰ ਲੈ ਕੇ ਡੈਡਲਾਕ ਬਣਿਆ ਹੋਇਆ ਸੀ। ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਇਸ ਰਵੱਈਏ ਦਾ ਗੰਭੀਰ ਨੋਟਿਸ ਲੈਂਦਿਆਂ ਅਗਲੇ ਪ੍ਰੋਗਰਾਮ ਦਾ ਅੱਜ ਐਲਾਨ ਕਰਨਾ ਸੀ।
ਉੱਥੇ ਹੀ ਡੀ ਆਈ ਜੀ ਰੂਪਨਗਰ ਰੇਂਜ ਡਾ. ਨਾਨਕ ਸਿੰਘ ਵੱਲੋਂ ਲਗਾਤਾਰ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਨਾਲ ਗੱਲਬਾਤ ਕਰਾਏ ਜਾਣ ਦਾ ਭਰੋਸਾ ਦਿੱਤਾ ਜਾ ਰਿਹਾ ਸੀ। ਇਹ ਵੀ ਦੱਸਣਯੋਗ ਹੈ ਕਿ ਭਾਵੇਂ ਸੰਯੁਕਤ ਕਿਸਾਨ ਮੋਰਚੇ ਦੀਆਂ ਜ਼ਿਆਦਾਤਰ ਮੰਗਾਂ ਕੇਂਦਰ ਨਾਲ ਸਬੰਧਤ ਹਨ, ਪਰ ਪੰਜਾਬ ਦੇ ਦਰਿਆਈ ਪਾਣੀਆਂ ਦੇ ਸਮਝੌਤੇ ਦੀਆਂ ਮੱਦਾਂ ਨੂੰ ਵਿਧਾਨ ਸਭਾ ਵਿੱਚ ਸੈਸ਼ਨ ਬੁਲਾ ਕੇ ਰੱਦ ਕਰਨ ਦੀ ਮੰਗ ਅਤੇ ਕੁਝ ਹੋਰ ਮੰਗਾਂ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਾਲੀਆਂ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ 7 ਸਤੰਬਰ ਤੱਕ ਇੱਥੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਅੱਜ ਦੀ ਗੱਲਬਾਤ ਤੋਂ ਬਾਅਦ ਇਹ ਪਤਾ ਚੱਲੇਗਾ ਕਿ ਸੰਯੁਕਤ ਕਿਸਾਨ ਮੋਰਚਾ ਆਪਣੇ ਧਰਨੇ ਨੂੰ ਹੋਰ ਅੱਗੇ ਵਧਾਏਗਾ ਜਾਂ ਫਿਰ ਗੱਲਬਾਤ ਰਾਹੀਂ ਇਸ ਦੀ ਸਮਾਪਤੀ ਦਾ ਰਾਹ ਤੈਅ ਹੋ ਜਾਵੇਗਾ।

Related posts

चेयरमैन तेजिंदर मेहता ने की कॉलेजों के साथ बैठक विद्यार्थियों के लिए अधिक से अधिक अवसर उपलब्ध करवाने पर दिया जोर

Current Updates

ਪੁਲੀਸ ਵੱਲੋਂ 2 ਕਿੱਲੋ ਹੈਰੋਇਨ ਅਤੇ ਦੇਸੀ ਪਿਸਟਲ ਸਮੇਤ 4 ਮੁਲਜ਼ਮ ਕਾਬੂ

Current Updates

ਯੂਥ ਕਾਂਗਰਸ ਵੱਲੋਂ ਰਾਜੀਵ ਗਾਂਧੀ ਨੂੰ ਸਮਰਪਿਤ ਖ਼ੂਨਦਾਨ ਕੈਂਪ

Current Updates

Leave a Comment