August 17, 2026
ਖਾਸ ਖ਼ਬਰਰਾਸ਼ਟਰੀ

ਲੌਂਗੋਵਾਲ ਬਰਸੀ ਸਮਾਗਮ: ਇੱਕੋ ਥਾਂ ਅਲਾਟ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਬਾਗੀ ਧੜੇ ਵਿੱਚ ਟਕਰਾਅ ਦੇ ਆਸਾਰ

ਲੌਂਗੋਵਾਲ ਬਰਸੀ ਸਮਾਗਮ: ਇੱਕੋ ਥਾਂ ਅਲਾਟ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਬਾਗੀ ਧੜੇ ਵਿੱਚ ਟਕਰਾਅ ਦੇ ਆਸਾਰ

ਚੰਡੀਗੜ੍ਹ-  ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਇਸ ਦਾ ਬਾਗੀ ਧੜਾ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਸਰਕਾਰ ਨੇ ਸੰਗਰੂਰ ਦੇ ਲੌਂਗੋਵਾਲ ਕਸਬੇ ਵਿੱਚ ਅਕਾਲੀ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਮਨਾਉਣ ਲਈ ਪ੍ਰੋਗਰਾਮਾਂ ਅਤੇ ਖ਼ੂਨਦਾਨ ਕੈਂਪਾਂ ਵਾਸਤੇ ਦੋਵਾਂ ਪਾਰਟੀਆਂ ਨੂੰ ਇੱਕੋ ਹੀ ਜਗ੍ਹਾ ਅਲਾਟ ਕਰ ਦਿੱਤੀ ਹੈ। ਜਿਸ ਕਾਰਨ ਦੋਹੇ ਪਾਰਟੀਆਂ ਇੱਕ ਵਾਰ ਫਿਰ ਟਕਰਾਅ ਵੱਲ ਵਧ ਰਹੀਆਂ ਜਾਪਦੀਆਂ ਹਨ । ‘ਪੰਜਾਬ ਬਚਾਓ ਰੈਲੀ’ ਕਰ ਰਹੀ ਅਕਾਲੀ ਦਲ (ਬਾਦਲ) ਨੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਅਤੇ ਬਾਗੀ ਧੜੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ’ਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਨੇ ਲੌਂਗੋਵਾਲ ਦੀ ਦਾਣਾ ਮੰਡੀ ਵਿਖੇ ਜਗ੍ਹਾ ਬਹੁਤ ਪਹਿਲਾਂ ਬੁੱਕ ਕਰਵਾ ਲਈ ਸੀ ਅਤੇ ਇਸ ਨਾਲ ਸਬੰਧਤ ਅਰਜ਼ੀ 27 ਅਪਰੈਲ ਨੂੰ ਦਿੱਤੀ ਗਈ ਸੀ ਅਤੇ ਪੁਲੀਸ ਕਲੀਅਰੈਂਸ ਅਤੇ ਸਾਈਟ ਦੀਆਂ ਪ੍ਰਵਾਨਗੀਆਂ ਸਮੇਤ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ 12 ਅਗਸਤ ਨੂੰ 36,000 ਰੁਪਏ ਦੀ ਅਦਾਇਗੀ ਵੀ ਜਮ੍ਹਾਂ ਕਰਵਾ ਦਿੱਤੀ ਗਈ ਸੀ।

ਡਾ. ਚੀਮਾ ਨੇ ਕਿਹਾ, “ਅਧਿਕਾਰੀਆਂ ਨੇ 15 ਅਗਸਤ ਨੂੰ, ਜਦੋਂ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ, ਪੁਨਰ-ਸੁਰਜੀਤ ਨੂੰ ਪ੍ਰਵਾਨਗੀ ਦੇ ਦਿੱਤੀ। ਜਦੋਂ ਕਿ ਤੰਬੂ ਦੇ ਹੇਠਾਂ ਵਾਲੀ ਜਗ੍ਹਾ ਪੁਨਰ-ਸੁਰਜੀਤ ਨੂੰ ਅਲਾਟ ਕਰ ਦਿੱਤੀ ਗਈ ਹੈ, ਸੱਜੇ ਪਾਸੇ ਦਾ ਖੇਤਰ ਖ਼ੂਨਦਾਨ ਕੈਂਪ ਲਗਾਉਣ ਲਈ ਰਾਖਵਾਂ ਰੱਖਿਆ ਗਿਆ ਹੈ। ਸਾਨੂੰ ਦਾਣਾ ਮੰਡੀ ਵਿੱਚ ਉਸ ਖੁੱਲ੍ਹੇ ਸਥਾਨ ’ਤੇ ਸਮਾਗਮ ਕਰਨ ਲਈ ਕਿਹਾ ਗਿਆ ਹੈ ਜਿੱਥੇ ਮਲਬਾ ਰੱਖਿਆ ਗਿਆ ਹੈ। ਇਹ ਬਿਲਕੁਲ ਵੀ ਸਵੀਕਾਰਯੋਗ ਨਹੀਂ ਹੈ ਅਤੇ ‘ਆਪ’ ਤੇ ਪੁਨਰ-ਸੁਰਜੀਤ ਜਾਣਬੁੱਝ ਕੇ ਅਕਾਲੀ ਦਲ ਦੀ ਰੈਲੀ ਨੂੰ ਪ੍ਰਭਾਵਿਤ ਕਰਨ ਕੋਸ਼ਿਸ਼ ਕਰ ਰਹੇ ਹਨ।” ਦੂਜੇ ਪਾਸੇ, ਡਾ. ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ।

ਗੌਰਤਲਬ ਹੈ ਕਿ ਅਕਾਲੀ ਦਲ ਇਸ ਪ੍ਰੋਗਰਾਮ ਦੌਰਾਨ ਆਪਣੀ ਪੂਰੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਂਦੇੜ ਵਿੱਚ ਹਮਲੇ ਤੋਂ ਬਾਅਦ ਪਹਿਲੀ ਵਾਰ ਰੈਲੀ ਨੂੰ ਸੰਬੋਧਨ ਕਰਨਗੇ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਸੁਖਬੀਰ ਬਾਦਲ ਅਤੇ ਉਨ੍ਹਾਂ ਦੀਆਂ ਟੀਮਾਂ ਜਾਣਬੁੱਝ ਕੇ ਇਸ ਜਗ੍ਹਾ ਨੂੰ ਹਥਿਆਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੀ ਅਗਵਾਈ ਵਾਲੇ ਧੜੇ, ਜਿਸ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪਰਤਾਪ ਸਿੰਘ ਵਡਾਲਾ ਅਤੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਰਗੇ ਆਗੂ ਸ਼ਾਮਲ ਹਨ, ਨੇ ਵੀ ਬਰਸੀ ਸਮਾਗਮ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਨ ਲਈ ਵਿਆਪਕ ਪ੍ਰਬੰਧ ਕੀਤੇ ਹਨ। ਦੋਵੇਂ ਪਾਰਟੀਆਂ ਹੁਣ ਦਾਣਾ ਮੰਡੀ ਦੀ ਛੱਤ (ਸ਼ੈੱਡ) ਹੇਠਾਂ ਜਗ੍ਹਾ ਲਈ ਕਸ਼ਮਕਸ਼ ਕਰ ਰਹੀਆਂ ਹਨ।

ਸੂਤਰਾਂ ਨੇ ਦੱਸਿਆ ਕਿ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਅਕਾਲੀ ਦਲ ਅਤੇ ਪੁਨਰ-ਸੁਰਜੀਤ ਦੇ ਸਮਰਥਕ ਅਕਾਲੀ ਵਰਕਰਾਂ ਵੱਲੋਂ ਪੁਨਰ-ਸੁਰਜੀਤ ਨੂੰ ਅਲਾਟ ਕੀਤੀ ਗਈ ਜਗ੍ਹਾ ’ਤੇ ਸਮਾਗਮ ਦੀ ਤਿਆਰੀ ਸ਼ੁਰੂ ਕਰਨ ਤੋਂ ਬਾਅਦ ਆਹਮੋ-ਸਾਹਮਣੇ ਆ ਗਏ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ, “ਅਸੀਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਕਰ ਰਹੇ ਹਾਂ। ਦਾਣਾ ਮੰਡੀ ਵਿਖੇ ਸ਼ੈੱਡ ਸਾਨੂੰ ਅਲਾਟ ਕੀਤਾ ਗਿਆ ਹੈ ਕਿਉਂਕਿ ਅਸੀਂ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼” ਦਾ ਆਯੋਜਨ ਕਰਦੇ ਹਾਂ। ਸਾਨੂੰ ਪਤਾ ਲੱਗਾ ਹੈ ਕਿ ਅਕਾਲੀ ਦਲ (ਬਾਦਲ) ਦੇ ਵਰਕਰਾਂ ਨੇ ਇਸ ਜਗ੍ਹਾ ’ਤੇ ਕਬਜ਼ਾ ਕਰ ਲਿਆ ਹੈ। ਅਸੀਂ ਕਿਸੇ ਵੀ ਕਿਸਮ ਦੇ ਟਕਰਾਅ ਵਿੱਚ ਨਹੀਂ ਪੈਣਾ ਚਾਹੁੰਦੇ ਅਤੇ ਉਨ੍ਹਾਂ ਨੂੰ ਨਿਮਰਤਾ ਸਹਿਤ ਜਗ੍ਹਾ ਖਾਲੀ ਕਰਨ ਲਈ ਕਹਿ ਰਹੇ ਹਾਂ ਕਿਉਂਕਿ ਉਨ੍ਹਾਂ ਨੇ ਅਤੀਤ ਵਿੱਚ ਕਦੇ ਵੀ ਦਾਣਾ ਮੰਡੀ ਵਿੱਚ ਰੈਲੀ ਨਹੀਂ ਕੀਤੀ ਹੈ।”

ਸਬੰਧਤ ਸਰਕਾਰਾਂ ਬਰਸੀ ਮਨਾਉਣ ਲਈ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕਰਦੀਆਂ ਰਹੀਆਂ ਹਨ। ਵਿਰੋਧੀ ਪਾਰਟੀਆਂ ਇਸ ਘਟਨਾਕ੍ਰਮ ’ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਥਕ ਵੋਟਰਾਂ ਨੂੰ ਲਾਮਬੰਦ ਕਰਨ ਲਈ ਇਸ ਬਰਸੀ ਸਮਾਗਮ ਅਹਿਮ ਸਥਾਨ ਰੱਖਦਾ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ (1932–1985) ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ ਅਤੇ 1980 ਦੇ ਦਹਾਕੇ ਵਿੱਚ ਪੰਜਾਬ ਦੇ ਅਸ਼ਾਂਤ ਦੌਰ ਦੌਰਾਨ ਇੱਕ ਪ੍ਰਮੁੱਖ ਸ਼ਖ਼ਸੀਅਤ ਸਨ।

ਲੌਂਗੋਵਾਲ 24 ਜੁਲਾਈ 1985 ਨੂੰ ਹੋਏ ਰਾਜੀਵ-ਲੌਂਗੋਵਾਲ ਸਮਝੌਤੇ ਦੇ ਮੋਢੀਆਂ ਵਿੱਚੋਂ ਇੱਕ ਸਨ, ਜਿਸ ਦੀ ਕੀਮਤ ਉਨ੍ਹਾਂ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਉਨ੍ਹਾਂ ਨੂੰ 20 ਅਗਸਤ 1985 ਨੂੰ ਜ਼ਿਲ੍ਹਾ ਸੰਗਰੂਰ ਦੇ ਗੁਰਦੁਆਰਾ ਅਕਾਲ ਪ੍ਰਕਾਸ਼ ਵਿਖੇ ਗੋਲੀ ਮਾਰ ਦਿੱਤੀ ਗਈ ਸੀ। ਸੰਤ ਲੌਂਗੋਵਾਲ ਦੇ ਕਤਲ ਤੋਂ ਬਾਅਦ, ਸੁਰਜੀਤ ਸਿੰਘ ਬਰਨਾਲਾ, ਜਿਨ੍ਹਾਂ ਨੇ (ਲੌਂਗੋਵਾਲ ਨਾਲ) ਸਮਝੌਤੇ ’ਤੇ ਦਸਤਖ਼ਤ ਕਰਨ ਵੇਲੇ ਉਨ੍ਹਾਂ ਦਾ ਸਾਥ ਦਿੱਤਾ ਸੀ, ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਅਤੇ ਹਰ ਸਾਲ ਇਹ ਬਰਸੀ ਮਨਾਉਂਦੇ ਸਨ।

Related posts

‘ਯੂਕਰੇਨ ਵਿੱਚ ਜੰਗ ਖਤਮ ਕਰਨਾ ਰੂਸ ਦੇ ਫਾਇਦੇ ਵਿੱਚ ਹੈ’: ਟਰੰਪ

Current Updates

ਸੁਪਰੀਮ ਕੋਰਟ ਨੇ ਰਣਵੀਰ ਅਲਾਹਬਾਦੀਆ ਨੂੰ ‘ਪੌਡਕਾਸਟ ਸ਼ੋਅ’ ਪ੍ਰਸਾਰਿਤ ਕਰਨ ਦੀ ਇਜਾਜ਼ਤ ਦਿੱਤੀ

Current Updates

ਨਸ਼ਿਆਂ ਖ਼ਿਲਾਫ਼ ਪੰਜਾਬ ਸਰਕਾਰ ਦਾ ਵੱਡਾ ਕਦਮ: ਜਾਗਰੂਕਤਾ ਮੁਹਿੰਮ ਲਈ 1 ਕਰੋੜ ਰੁਪਏ ਦੀ ਰਾਸ਼ੀ ਕੀਤੀ ਜਾਰੀ

Current Updates

Leave a Comment