June 8, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪਲਾਸਟਿਕ ਮੁਕਤ ਮੁਹਿੰਮ: ਵੇਰਕਾ ਦੇ ਦੁੱਧ ’ਤੇ ਮਿਲੇਗੀ 2 ਰੁਪਏ ਪ੍ਰਤੀ ਲੀਟਰ ਦੀ ਛੋਟ; PPCB ਵੱਲੋਂ ਮੋਬਾਈਲ ਵੈਂਡਿੰਗ ਵੈਨ ਦੀ ਸ਼ੁਰੂਆਤ

ਪਲਾਸਟਿਕ ਮੁਕਤ ਮੁਹਿੰਮ: ਵੇਰਕਾ ਦੇ ਦੁੱਧ ’ਤੇ ਮਿਲੇਗੀ 2 ਰੁਪਏ ਪ੍ਰਤੀ ਲੀਟਰ ਦੀ ਛੋਟ; PPCB ਵੱਲੋਂ ਮੋਬਾਈਲ ਵੈਂਡਿੰਗ ਵੈਨ ਦੀ ਸ਼ੁਰੂਆਤ

ਮੁਹਾਲੀ- ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ’ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (PPCB) ਅਤੇ ਮਿਲਕਫੈਡ ਦੇ ਪ੍ਰਸਿੱਧ ਬ੍ਰਾਂਡ ‘ਵੇਰਕਾ’ ਵੱਲੋਂ ਸਾਂਝੇ ਤੌਰ ‘ਤੇ ‘ਦੁੱਧ ਉਹੀ, ਪਲਾਸਟਿਕ ਨਹੀਂ’ ਨਾਮਕ ਇੱਕ ਵਿਸ਼ੇਸ਼ ਵਾਤਾਵਰਣ-ਪੱਖੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਕੀਮ ਤਹਿਤ ਲੋਕਾਂ ਨੂੰ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਬਜਾਏ ਸਿੱਧਾ ਮੋਬਾਈਲ ਵੈਂਡਿੰਗ ਵੈਨ ਰਾਹੀਂ ਤਾਜ਼ਾ ਦੁੱਧ ਖਰੀਦਣ ’ਤੇ 2 ਰੁਪਏ ਪ੍ਰਤੀ ਲੀਟਰ ਦੀ ਵਿਸ਼ੇਸ਼ ਛੋਟ ਦਿੱਤੀ ਜਾ ਰਹੀ ਹੈ। ਬਾਜ਼ਾਰ ਵਿੱਚ ਪਲਾਸਟਿਕ ਪੈਕਿੰਗ ਵਾਲਾ ਜਿਹੜਾ ਦੁੱਧ 66 ਰੁਪਏ ਪ੍ਰਤੀ ਲੀਟਰ ਮਿਲਦਾ ਹੈ, ਉਹ ਇਸ ਵੈਨ ਰਾਹੀਂ 64 ਰੁਪਏ ਲੀਟਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (PPCB) ਦੇ ਮੁਹਾਲੀ ਖੇਤਰੀ ਦਫ਼ਤਰ ਅਤੇ ਵੇਰਕਾ ਮਿਲਕ ਪਲਾਂਟ ਮੁਹਾਲੀ ਨੇ ਸਿੰਗਲ-ਯੂਜ਼ ਪਲਾਸਟਿਕ ਦੇ ਲਿਫ਼ਾਫ਼ਿਆਂ ਕਾਰਨ ਪੈਦਾ ਹੋਣ ਵਾਲੇ ਕੂੜੇ ਨੂੰ ਘਟਾਉਣ ਲਈ ਇਹ ਕਦਮ ਚੁੱਕਿਆ ਹੈ। ਇਸ ਤਹਿਤ ਮੁਹਾਲੀ ਦੀ ਪ੍ਰਮੁੱਖ ਰਿਹਾਇਸ਼ੀ ਸੁਸਾਇਟੀ ‘ਏਟੀਐਸ ਕਾਸਾ ਏਸਪਾਨਾ’ (ATS Casa Espana) ਵਿਖੇ ਪਹਿਲੀ ਮੋਬਾਈਲ ਮਿਲਕ ਵੈਂਡਿੰਗ ਵੈਨ ਰਵਾਨਾ ਕੀਤੀ ਗਈ ਹੈ।

ਸਾਲਾਨਾ 4 ਕਿੱਲੋ ਪਲਾਸਟਿਕ ਕੂੜਾ ਘਟੇਗਾ ਪ੍ਰਤੀ ਪਰਿਵਾਰ- ਇਸ ਮੋਬਾਈਲ ਮਸ਼ੀਨ ਦੀ ਸਮਰੱਥਾ ਲਗਭਗ 300 ਲੀਟਰ ਦੁੱਧ ਦੀ ਹੈ, ਜੋ ਰੋਜ਼ਾਨਾ ਇਸ ਸੁਸਾਇਟੀ ਵਿੱਚ ਤਾਇਨਾਤ ਰਹੇਗੀ। ਜੇਕਰ ਇਸ ਸੁਸਾਇਟੀ ਦੇ ਲੋਕ ਇਸ ਦਾ ਪੂਰਾ ਲਾਭ ਉਠਾਉਂਦੇ ਹਨ, ਤਾਂ ਰੋਜ਼ਾਨਾ ਲਗਭਗ 600 ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਅੰਦਾਜ਼ੇ ਮੁਤਾਬਕ, ਜੇਕਰ ਇੱਕ ਪਰਿਵਾਰ ਰੋਜ਼ਾਨਾ ਇਸ ਪ੍ਰਣਾਲੀ ਰਾਹੀਂ 2 ਲੀਟਰ ਦੁੱਧ ਖਰੀਦਦਾ ਹੈ, ਤਾਂ ਉਹ ਸਾਲਾਨਾ ਲਗਭਗ 4 ਕਿੱਲੋ ਪਲਾਸਟਿਕ ਕੂੜਾ ਪੈਦਾ ਹੋਣ ਤੋਂ ਰੋਕ ਸਕਦਾ ਹੈ। ਕਿਉਂਕਿ ਦੁੱਧ ਹਰ ਘਰ ਦੀ ਰੋਜ਼ਾਨਾ ਦੀ ਲੋੜ ਹੈ, ਇਸ ਲਈ ਇਸ ਖੇਤਰ ਵਿੱਚ ਕੀਤੀ ਛੋਟੀ ਜਿਹੀ ਕੋਸ਼ਿਸ਼ ਵੀ ਸ਼ਹਿਰ ਅਤੇ ਸੂਬਾ ਪੱਧਰ ’ਤੇ ਵਾਤਾਵਰਣ ਨੂੰ ਵੱਡਾ ਫਾਇਦਾ ਪਹੁੰਚਾਏਗੀ। ਦੁੱਧ ਦੀਆਂ ਕੀਮਤਾਂ ਘਟਾਉਣ ਦੇ ਪਿੱਛੇ ਮੁੱਖ ਮਕਸਦ ਖਪਤਕਾਰਾਂ ਨੂੰ ਮੁੜ ਪੁਰਾਣੀ ਅਤੇ ਸਾਰਥਕ ਪ੍ਰਥਾ ਵੱਲ ਮੋੜਨਾ ਹੈ, ਤਾਂ ਜੋ ਲੋਕ ਬਾਜ਼ਾਰੋਂ ਦੁੱਧ ਲਿਆਉਣ ਸਮੇਂ ਘਰੋਂ ਆਪਣੇ ਸਟੀਲ ਦੇ ਭਾਂਡੇ, ਬੋਤਲਾਂ ਜਾਂ ਕੰਟੇਨਰ ਨਾਲ ਲੈ ਕੇ ਆਉਣ ਦੀ ਆਦਤ ਪਾਉਣ।

ਪੂਰੇ ਪੰਜਾਬ ਵਿੱਚ ਸਕੀਮ ਲਾਗੂ ਕਰਨ ਦੀ ਯੋਜਨਾ- ਪੀਪੀਸੀਬੀ (PPCB) ਦੇ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਇਹ ਪਾਇਲਟ ਪ੍ਰੋਜੈਕਟ ਸਫ਼ਲ ਰਹਿੰਦਾ ਹੈ, ਤਾਂ ਬੋਰਡ ਵੱਲੋਂ ਵੇਰਕਾ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਮੁਹਾਲੀ ਦੀਆਂ ਹੋਰ ਰਿਹਾਇਸ਼ੀ ਸੁਸਾਇਟੀਆਂ ਅਤੇ ਹੌਲੀ-ਹੌਲੀ ਪੰਜਾਬ ਦੇ ਦੂਜੇ ਸ਼ਹਿਰਾਂ ਤੇ ਕਸਬਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ। ਇਸ ਦੇ ਲਈ ਹੋਰ ਮੋਬਾਈਲ ਵੈਨਾਂ ਚਲਾਈਆਂ ਜਾਣਗੀਆਂ ਜਾਂ ਫਿਰ ਵੇਰਕਾ ਦੇ ਮੌਜੂਦਾ ਬੂਥਾਂ ‘ਤੇ ਹੀ ਪੱਕੇ ਤੌਰ ’ਤੇ ਅਜਿਹੀਆਂ ਦੁੱਧ ਦੀਆਂ ਮਸ਼ੀਨਾਂ (ਸਟੇਸ਼ਨਰੀ ਵੈਂਡਿੰਗ ਯੂਨਿਟ) ਸਥਾਪਿਤ ਕੀਤੀਆਂ ਜਾਣਗੀਆਂ।ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਜਿਹੜੀਆਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (RWAs) ਅਤੇ ਹਾਊਸਿੰਗ ਸੁਸਾਇਟੀਆਂ ਆਪਣੇ ਖੇਤਰਾਂ ਵਿੱਚ ਅਜਿਹੀ ਸਹੂਲਤ ਸ਼ੁਰੂ ਕਰਵਾਉਣ ਦੀਆਂ ਇੱਛੁਕ ਹਨ, ਉਹ ਇਸ ਸਾਂਝੇ ਪ੍ਰੋਜੈਕਟ ਲਈ ਸਿੱਧਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਸੰਪਰਕ ਕਰ ਸਕਦੀਆਂ ਹਨ।

Related posts

ਤਿੰਨ ਪਵਿੱਤਰ ਸ਼ਹਿਰਾਂ ਵਿੱਚ ਮੀਟ, ਸ਼ਰਾਬ ਅਤੇ ਤੰਬਾਕੂ ’ਤੇ ਪਾਬੰਦੀ ਹੁਣ ਲਾਗੂ

Current Updates

ਪੰਜਾਬ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

Current Updates

ਸ਼ੰਕਰਾਚਾਰੀਆ ਵਿਰੁੱਧ ਅਪਮਾਨਜਨਕ ਭਾਸ਼ਾ ਜ਼ੁਬਾਨੀ ਹਿੰਸਾ ਹੈ: ਅਖਿਲੇਸ਼

Current Updates

Leave a Comment