April 20, 2026
ਅੰਤਰਰਾਸ਼ਟਰੀਖਾਸ ਖ਼ਬਰ

ਇਰਾਨ ਨਾਲ ਗੱਲਬਾਤ ਲਈ ਅਮਰੀਕੀ ਅਧਿਕਾਰੀ ਪਾਕਿਸਤਾਨ ਜਾਣਗੇ: Donald Trump

ਇਰਾਨ ਨਾਲ ਗੱਲਬਾਤ ਲਈ ਅਮਰੀਕੀ ਅਧਿਕਾਰੀ ਪਾਕਿਸਤਾਨ ਜਾਣਗੇ: Donald Trump

ਅਮਰੀਕਾ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇੱਕ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਕਿ ਅਮਰੀਕੀ ਨੁਮਾਇੰਦੇ ਭਲਕੇ ਰਾਤ ਇਰਾਨ ਨਾਲ ਗੱਲਬਾਤ ਲਈ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਜਾ ਰਹੇ ਹਨ। ਟਰੰਪ ਦੇ ਇਸ ਬਿਆਨ ਨੇ ਅੰਤਰਰਾਸ਼ਟਰੀ ਪੱਧਰ ’ਤੇ ਧਿਆਨ ਖਿੱਚਿਆ ਹੈ ਕਿਉਂਕਿ ਇਰਾਨ ਅਤੇ ਅਮਰੀਕਾ ਦੇ ਸਬੰਧ ਇਸ ਸਮੇਂ ਬਹੁਤ ਹੀ ਨਾਜ਼ੁਕ ਮੋੜ ‘ਤੇ ਹਨ ਅਤੇ ਪਾਕਿਸਤਾਨ ਇਸ ਗੱਲਬਾਤ ਵਿੱਚ ਇੱਕ ਅਹਿਮ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ। ਇਰਾਨ ਦੀ ਫੌਜ ਨੇ ਅੱਜ ਹੋਰਮੁਜ਼ ਜਲ ਮਾਰਗ (Strait of Hormuz) ਰਾਹੀਂ ਲੰਘਣ ਦੀ ਕੋਸ਼ਿਸ਼ ਕਰ ਰਹੇ ਦੋ ਵਪਾਰਕ ਤੇਲ ਟੈਂਕਰਾਂ ਨੂੰ ਚਿਤਾਵਨੀ ਜਾਰੀ ਕਰਕੇ ਵਾਪਸ ਮੋੜ ਦਿੱਤਾ ਹੈ। ਇਰਾਨ ਦੀ ਅਰਧ-ਸਰਕਾਰੀ ਸਮਾਚਾਰ ਏਜੰਸੀ ‘ਤਸਨੀਮ’ ਦੀ ਰਿਪੋਰਟ ਅਨੁਸਾਰ ਇਹ ਕਦਮ ਅਮਰੀਕਾ ਵੱਲੋਂ ਇਰਾਨ ਦੀ ਕੀਤੀ ਗਈ ਸਮੁੰਦਰੀ ਨਾਕਾਬੰਦੀ ਦੇ ਜਵਾਬ ਵਿੱਚ ਚੁੱਕਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਖਾੜੀ ਦੇ ਇਲਾਕੇ ਵਿੱਚ ਤਣਾਅ ਇੱਕ ਵਾਰ ਫਿਰ ਸਿਖਰ ‘ਤੇ ਪਹੁੰਚ ਗਿਆ ਹੈ ਕਿਉਂਕਿ ਹੋਰਮੁਜ਼ ਦਾ ਇਹ ਰਸਤਾ ਵਿਸ਼ਵ ਤੇਲ ਸਪਲਾਈ ਲਈ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਾ ਮੰਨਿਆ ਜਾਂਦਾ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਹੋਰਮੁਜ਼ ਜਲਡਮਰੂ (Strait of Hormuz) ਵਿੱਚ ਆਵਾਜਾਈ ਦੇ ਨਿਯਮਾਂ ਨੂੰ ਲੈ ਕੇ ਯੂਰਪੀ ਸੰਘ (EU) ਦੇ ਸਟੈਂਡ ਦੀ ਸਖ਼ਤ ਨਿਖੇਧੀ ਕੀਤੀ ਹੈ। ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਯੂਰਪੀ ਸੰਘ ’ਤੇ ‘ਦੋਹਰੇ ਮਾਪਦੰਡ’ ਅਤੇ ‘ਪਾਖੰਡ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਬਿਨਾਂ ਸ਼ਰਤ ਲਾਂਘੇ’ ਦੀ ਗੱਲ ਹੁਣ ਸਿਰਫ਼ ਇੱਕ ਕਹਾਣੀ ਬਣ ਕੇ ਰਹਿ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਅਤੇ ਇਜ਼ਰਾਈਲ ਦੀਆਂ ਹਮਲਾਵਰ ਕਾਰਵਾਈਆਂ ਨੇ ਖੇਤਰ ਦੇ ਸੁਰੱਖਿਆ ਸਮੀਕਰਨ ਬਦਲ ਦਿੱਤੇ ਹਨ।

ਯੂਰਪੀ ਸੰਘ ਦੀ ਵਿਦੇਸ਼ ਨੀਤੀ ਦੀ ਮੁਖੀ ਕਾਜਾ ਕਾਲਾਸ ਦੇ ਬਿਆਨਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਬਘਾਈ ਨੇ ਕਿਹਾ ਕਿ ਯੂਰਪ ਸਿਰਫ਼ ਦੂਜਿਆਂ ਨੂੰ ਉਪਦੇਸ਼ ਦੇਣ ਲਈ ਕੌਮਾਂਤਰੀ ਕਾਨੂੰਨਾਂ ਦੀ ਵਰਤੋਂ ਕਰਦਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਅਮਰੀਕਾ ਅਤੇ ਇਜ਼ਰਾਈਲ ਇਰਾਨ ਵਿਰੁੱਧ ਹਮਲਾਵਰ ਰੁਖ਼ ਅਖ਼ਤਿਆਰ ਕਰਦੇ ਹਨ ਅਤੇ ਇਰਾਨੀਆਂ ਵਿਰੁੱਧ ਅੱਤਿਆਚਾਰ ਹੁੰਦੇ ਹਨ, ਤਾਂ ਯੂਰਪ ਚੁੱਪ ਰਹਿ ਕੇ ਇਨ੍ਹਾਂ ਕਾਰਵਾਈਆਂ ਨੂੰ ਹਰੀ ਝੰਡੀ ਕਿਉਂ ਦਿੰਦਾ ਹੈ। ਬਘਾਈ ਨੇ ਕਿਹਾ ਕਿ ਯੂਰਪੀ ਸੰਘ ਦੀ ਆਪਣੇ ਕਹੇ ’ਤੇ ਅਮਲ ਕਰਨ ਵਿੱਚ ਨਾਕਾਮਯਾਬੀ ਨੇ ਕੌਮਾਂਤਰੀ ਕਾਨੂੰਨਾਂ ਦੀ ਗੱਲ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ।

ਬਘਾਈ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਤੱਟੀ ਦੇਸ਼ ਹੋਣ ਦੇ ਨਾਤੇ ਈਰਾਨ ਕੋਲ ਹੋਰਮੁਜ਼ ਜਲਡਮਰੂ ਮੱਧ ਵਿੱਚ ਜ਼ਰੂਰੀ ਕਦਮ ਚੁੱਕਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਕਾਨੂੰਨ ਦਾ ਕੋਈ ਵੀ ਨਿਯਮ ਇਰਾਨ ਨੂੰ ਆਪਣੀ ਸੁਰੱਖਿਆ ਲਈ ਉਨ੍ਹਾਂ ਕਾਰਵਾਈਆਂ ਤੋਂ ਨਹੀਂ ਰੋਕਦਾ, ਜੋ ਇਸ ਜਲ ਮਾਰਗ ਦੀ ਵਰਤੋਂ ਇਰਾਨ ਵਿਰੁੱਧ ਫੌਜੀ ਹਮਲੇ ਲਈ ਕਰਨ ਤੋਂ ਰੋਕਦੀਆਂ ਹੋਣ। ਉਨ੍ਹਾਂ ‘ਬਿਨਾਂ ਸ਼ਰਤ ਲਾਂਘੇ’ ਦੀ ਧਾਰਨਾ ਨੂੰ ਰੱਦ ਕਰਦਿਆਂ ਕਿਹਾ ਕਿ ਜਿਸ ਪਲ ਅਮਰੀਕੀ ਫੌਜੀ ਸੰਪਤੀਆਂ ਇਸ ਖੇਤਰ ਵਿੱਚ ਪਹੁੰਚੀਆਂ, ਉਸੇ ਪਲ ਇਹ ਖੁੱਲ੍ਹੇ ਲਾਂਘੇ ਵਾਲੀ ਗੱਲ ਖ਼ਤਮ ਹੋ ਗਈ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਰਪੀ ਸੰਘ ਦੀ ਮੁਖੀ ਕਾਜਾ ਕਾਲਾਸ ਨੇ ਹੋਰਮੁਜ਼ ਜਲਡਮਰੂ ਮੱਧ ਨੂੰ ਮੁਫ਼ਤ ਅਤੇ ਖੁੱਲ੍ਹਾ ਰੱਖਣ ਦੀ ਵਕਾਲਤ ਕੀਤੀ ਸੀ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਕਿਸੇ ਵੀ ਤਰ੍ਹਾਂ ਦਾ ‘ਟਰਾਂਜ਼ਿਟ ਫੀਸ’ ਜਾਂ ਟੈਕਸ ਲਗਾਉਣ ਦੀ ਯੋਜਨਾ ਵਿਸ਼ਵ ਸਮੁੰਦਰੀ ਮਾਰਗਾਂ ਲਈ ਖ਼ਤਰਨਾਕ ਮਿਸਾਲ ਕਾਇਮ ਕਰੇਗੀ। ਕਾਲਾਸ ਨੇ ਇਰਾਨ ਨੂੰ ਅਜਿਹੀਆਂ ਯੋਜਨਾਵਾਂ ਤਿਆਗਣ ਦੀ ਅਪੀਲ ਕੀਤੀ ਸੀ, ਜਿਸ ਦੇ ਜਵਾਬ ਵਿੱਚ ਇਰਾਨ ਨੇ ਹੁਣ ਸਖ਼ਤ ਤੇਵਰ ਦਿਖਾਏ ਹਨ।

Related posts

ਮੁੰਬਈ: ਪੋਵਈ ਵਿੱਚ 20 ਤੋਂ ਵੱਧ ਬੱਚਿਆਂ ਨੂੰ ਬੰਦੀ ਬਣਾਉਣ ਵਾਲਾ ਗ੍ਰਿਫ਼ਤਾਰ

Current Updates

ਉੱਤਰ ਪ੍ਰਦੇਸ਼ ’ਚ ਨਿਵੇਸ਼ ਵਧਾਉਣ ਲਈ ਅਡਾਨੀ ਗਰੁੱਪ ਵਚਨਬੱਧ

Current Updates

ਸਿੰਧੂ ਜਲ ਸੰਧੀ: ਚਨਾਬ ਦਾ ਰੁਖ਼ ਮੋੜਨਾ ਜੰਗ ਵਾਂਗ: ਪਾਕਿਸਤਾਨ

Current Updates

Leave a Comment