ਲੁਧਿਆਣਾ- ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਸਥਿਤ ਘਰ ’ਤੇ ਸ਼ਨਿਚਰਵਾਰ ਨੂੰ ਈਡੀ ਦੀ ਛਾਪੇਮਾਰੀ ਖ਼ਤਮ ਹੋ ਗਈ ਹੈ। ਹਾਲਾਂਕਿ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਲੁਧਿਆਣਾ ਸਥਿਤ ਰਿਹਾਇਸ਼ ਅਤੇ ਕਾਰੋਬਾਰੀ ਟਿਕਾਣਿਆਂ ‘ਤੇ ਈਡੀ ਦੀ ਛਾਪੇਮਾਰੀ ਪੂਰੀ ਹੋ ਚੁੱਕੀ ਹੈ, ਪਰ ਉਨ੍ਹਾਂ ਦੀ ਗੁਰੂਗ੍ਰਾਮ ਸਥਿਤ ਰਿਹਾਇਸ਼ ‘ਤੇ ਕਾਰਵਾਈ ਅਜੇ ਵੀ ਜਾਰੀ ਹੈ। ਈਡੀ ਦੀ ਟੀਮ ਦੁਪਹਿਰ 12 ਵਜੇ ਦੇ ਕਰੀਬ ਉਨ੍ਹਾਂ ਦੇ ਲੁਧਿਆਣਾ ਸਥਿਤ ਘਰ ਤੋਂ ਰਵਾਨਾ ਹੋਈ। ਈਡੀ ਦੀ ਛਾਪੇਮਾਰੀ, ਜਿਸ ਵਿੱਚ ਸੰਜੀਵ ਅਰੋੜਾ, ਉਨ੍ਹਾਂ ਦੇ ਪੁੱਤਰ ਅਤੇ ਉਨ੍ਹਾਂ ਦੇ ਦੋ ਕਾਰੋਬਾਰੀ ਭਾਈਵਾਲਾਂ ਹੇਮੰਤ ਸੂਦ ਅਤੇ ਚੰਦਰਸ਼ੇਖਰ ਅਗਰਵਾਲ ਦੇ ਰਿਹਾਇਸ਼ੀ ਅਤੇ ਕਾਰੋਬਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਸ਼ੁੱਕਰਵਾਰ ਸਵੇਰੇ 6 ਵਜੇ ਸ਼ੁਰੂ ਹੋਈ ਸੀ ਅਤੇ ਸ਼ਨਿਚਰਵਾਰ ਤੱਕ ਜਾਰੀ ਰਹੀ।
ਇਹ ਛਾਪੇਮਾਰੀ ਲੁਧਿਆਣਾ, ਜਲੰਧਰ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਫੈਲੀਆਂ 13 ਥਾਵਾਂ ‘ਤੇ ਇਕੋ ਸਮੇਂ ਸ਼ੁਰੂ ਕੀਤੀ ਗਈ ਸੀ। ਕਾਰਵਾਈ ਦੌਰਾਨ ਮੰਤਰੀ ਅਰੋੜਾ ਦੀ ਦਿੱਲੀ ਸਥਿਤ ਸਰਕਾਰੀ ਰਿਹਾਇਸ਼, ਉਨ੍ਹਾਂ ਦੇ ਨਿੱਜੀ ਘਰ, ਉਨ੍ਹਾਂ ਦੇ ਕੰਪਨੀ ਦਫ਼ਤਰਾਂ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਕਰੀਬੀ ਸਾਥੀਆਂ ਦੇ ਘਰਾਂ ਦੀ ਵੀ ਬਾਰੀਕੀ ਨਾਲ ਤਲਾਸ਼ੀ ਲਈ ਗਈ।
ਕੁਝ ਖਾਸ ਥਾਵਾਂ ਨੂੰ ਛੱਡ ਕੇ ਬਾਕੀ ਜ਼ਿਆਦਾਤਰ ਥਾਵਾਂ ‘ਤੇ ਛਾਪੇਮਾਰੀ ਹੁਣ ਖ਼ਤਮ ਹੋ ਚੁੱਕੀ ਹੈ। ਸੂਤਰਾਂ ਅਨੁਸਾਰ ਲੁਧਿਆਣਾ ਵਿੱਚ ਅਰੋੜਾ ਅਤੇ ਹੇਮੰਤ ਸੂਦ ਦੋਵਾਂ ਦੇ ਟਿਕਾਣਿਆਂ ‘ਤੇ ਤਲਾਸ਼ੀ ਪੂਰੀ ਕਰਨ ਤੋਂ ਬਾਅਦ ਈਡੀ ਦੀਆਂ ਟੀਮਾਂ ਨੇ ਆਪਣਾ ਧਿਆਨ ਗੁਰੂਗ੍ਰਾਮ ਸਥਿਤ ਉਨ੍ਹਾਂ ਦੇ ਦਫ਼ਤਰਾਂ ਵੱਲ ਮੋੜ ਲਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਨਾਲ ਸਬੰਧਤ ਹੋ ਸਕਦੀ ਹੈ। ਕੇਂਦਰੀ ਸੁਰੱਖਿਆ ਬਲਾਂ ਦੀਆਂ ਟੀਮਾਂ ਜੋ ਲੁਧਿਆਣਾ ਦੇ ਗੁਰਦੇਵ ਨਗਰ ਵਿੱਚ ਅਰੋੜਾ ਦੀ ਰਿਹਾਇਸ਼ ‘ਤੇ ਤਾਇਨਾਤ ਸਨ, ਹੁਣ ਉਥੋਂ ਹਟ ਗਈਆਂ ਹਨ। ਮੰਤਰੀ ਖੁਦ ‘ਇਨਵੈਸਟ ਸਮਿਟ’ ਦੇ ਸਿਲਸਿਲੇ ‘ਚ ਯੂਰਪ ਦੌਰੇ ‘ਤੇ ਹਨ।
