May 13, 2026
ਖਾਸ ਖ਼ਬਰਰਾਸ਼ਟਰੀ

ਪੋਸਟਮਾਰਟਮ ਮਗਰੋਂ ਵਾਈ.ਪੂਰਨ ਕੁਮਾਰ ਦੀ ਦੇਹ ਸਰਕਾਰੀ ਰਿਹਾਇਸ਼ ’ਤੇ ਲਿਆਂਦੀ

ਪੋਸਟਮਾਰਟਮ ਮਗਰੋਂ ਵਾਈ.ਪੂਰਨ ਕੁਮਾਰ ਦੀ ਦੇਹ ਸਰਕਾਰੀ ਰਿਹਾਇਸ਼ ’ਤੇ ਲਿਆਂਦੀ

ਹਰਿਆਣਾ- ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਮਰਹੂਮ ਵਾਈ ਪੂਰਨ ਕੁਮਾਰ ਦੀ ਮ੍ਰਿਤਕ ਦੇਹ ਪੋਸਟਮਾਰਟਮ ਤੋਂ ਬਾਅਦ ਸੈਕਟਰ 24 ਵਿਚਲੀ ਸਰਕਾਰੀ ਰਿਹਾਇਸ਼ ਉੱਤੇ ਪਹੁੰਚ ਗਈ ਹੈ। ਪਰਿਵਾਰ ਵੱਲੋਂ ਸਾਰੀਆਂ ਧਾਰਮਿਕ ਰਹੁ ਰੀਤਾਂ ਨਾਲ ਦੁਪਹਿਰ 3 ਵਜੇ ਅੰਤਿਮ ਯਾਤਰਾ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ 4 ਵਜੇ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ। ਆਈਪੀਐਸ ਅਧਿਕਾਰੀ ਦੇ ਸਸਕਾਰ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਵੱਲੋਂ ਸੈਕਟਰ 24 ਸਥਿਤ ਘਰ ਅਤੇ ਸੈਕਟਰ 25 ਸ਼ਮਸ਼ਾਨ ਘਾਟ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਅੱਜ ਸਵੇਰੇ ਪੁਲੀਸ ਅਧਿਕਾਰੀ ਦੀ ਆਈਏਐੱਸ ਪਤਨੀ ਅਮਨੀਤ ਪੀ.ਕੁਮਾਰ ਤੇ ਦੋ ਧੀਆਂ ਨੇ ਪੀਜੀਆਈ ਦੇ ਐਡਵਾਂਸ ਐਨਾਟੋਮੀ ਸੈਂਟਰ ਪਹੁੰਚ ਕੇ ਲਾਸ਼ ਦੀ ਸ਼ਨਾਖਤ ਕੀਤੀ, ਜਿਸ ਮਗਰੋਂ ਪੋਸਟ ਮਾਰਟਮ ਕੀਤਾ ਗਿਆ। ਇਹਤਿਆਤ ਵਜੋਂ ਪੀਜੀਆਈ ਖਾਸ ਕਰਕੇ ਸੈਂਟਰ ਨਜ਼ਦੀਕ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਹਰਿਆਣਾ ਬੈਚ ਦੇ ਆਈਪੀਐੇੱਸ ਅਧਿਕਾਰੀ ਵਾਈ.ਪੂਰਨ ਕੁਮਾਰ ਨੇ 7 ਅਕਤੂੁੁਬਰ ਨੂੰ ਚੰਡੀਗੜ੍ਹ ਵਿਚਲੀ ਰਿਹਾਇਸ਼ ’ਤੇ ਖ਼ੁਦਕੁਸ਼ੀ ਕਰ ਲਈ ਸੀ। ਆਈਪੀਐੱਸ ਅਧਿਕਾਰੀ ਨੇ ਖੁ਼ਦਕੁਸ਼ੀ ਨੋਟ ਵਿਚ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਤੇ ਰੋੋਹਤਕ ਦੇ ਐੱਸਪੀ ’ਤੇ ਗੰਭੀਰ ਦੋਸ਼ ਲਾਏ ਸਨ।ਪਰਿਵਾਰ ਵੱਲੋਂ ਇਨ੍ਹਾਂ ਦੋਵਾਂ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰਨ ਤੇ ਇਨ੍ਹਾਂ ਨੂੰ ਅਹੁਦਿਆਂ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਸੂਬਾ ਸਰਕਾਰ ਨੇ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਛੁੱਟੀ ’ਤੇ ਭੇਜ ਦਿੱਤਾ ਹੈ ਤੇ ਉਨ੍ਹਾਂ ਦੀ ਥਾਂ ਓਪੀ ਸਿੰਘ ਨੂੰ ਡੀਜੀਪੀ ਦਾ ਵਾਧੂ ਚਾਰਜ ਸੌਂਪਿਆ ਹੈ। ਲੰਘੇ ਦਿਨ ਕਾਂਗਰਸ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਚੰਡੀਗੜ੍ਹ ਪੁੱਜ ਕੇ ਆਈਪੀਐੱਸ ਵਾਈ ਪੂਰਨ ਕੁਮਾਰ ਦੀ ਪਤਨੀ ਤੇ ਆਈਏਐੱਸ ਅਧਿਕਾਰੀ ਅਮਨੀਤ ਪੀ.ਕੁਮਾਰ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ। ਰਾਹੁਲ ਨੇ ਮੰਗ ਕੀਤੀ ਸੀ ਕਿ ਸੂਬੇ ਦੀ ਭਾਜਪਾ ਸਰਕਾਰ ਡਰਾਮਾ ਛੱਡ ਕੇ ਪਰਿਵਾਰ ਨੂੰ ਇਨਸਾਫ਼ ਦਿਵਾਏ।

ਨਿਰਪੱਖ ਤੇ ਪਾਰਦਰਸ਼ੀ ਜਾਂਚ ਦੇ ਭਰੋਸੇ ਮਗਰੋਂ ਪੋਸਟਮਾਰਟਮ ਲਈ ਸਹਿਮਤੀ ਦਿੱਤੀ: ਮਰਹੂਮ ਆਈਪੀਐੇੱਸ ਅਧਿਕਾਰੀ ਵਾਈ.ਪੂਰਨ ਕੁਮਾਰ ਦੀ ਪਤਨੀ ਤੇ ਆਈਏਐੱਸ ਅਧਿਕਾਰੀ ਅਮਨੀਤ ਪੀ.ਕੁਮਾਰ ਨੇ ਇਕ ਬਿਆਨ ਵਿਚ ਕਿਹਾ ਕਿ ਯੂਟੀ ਪੁਲੀਸ ਵੱਲੋਂ ਨਿਰਪੱਖ ਤੇ ਪਾਰਦਰਸ਼ੀ ਜਾਂਚ ਕਰਵਾਉਣ ਦੇ ਭਰੋਸੇ ਅਤੇ ਹਰਿਆਣਾ ਸਰਕਾਰ ਵੱਲੋਂ ਕਾਨੂੰਨ ਅਨੁਸਾਰ ਕਿਸੇ ਵੀ ਦੋਸ਼ੀ ਅਧਿਕਾਰੀ ਵਿਰੁੱਧ ਢੁਕਵੀਂ ਕਾਰਵਾਈ ਕਰਨ ਦੀ ਵਚਨਬੱਧਤਾ ਦੇ ਮੱਦੇਨਜ਼ਰ ਉਨ੍ਹਾਂ ਦੇ ਪਰਿਵਾਰ ਨੇ ਪੋੋਸਟਮਾਰਟਮ ਲਈ ਸਹਿਮਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਗਠਿਤ ਡਾਕਟਰਾਂ ਦੇ ਬੋਰਡ ਵੱਲੋਂ ਇੱਕ ਬੈਲਿਸਟਿਕ ਮਾਹਰ ਦੀ ਮੌਜੂਦਗੀ ਤੇ ਇੱਕ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਇਸ ਪੂਰੇ ਅਮਲ ਦੀ ਵੀਡੀਓਗ੍ਰਾਫੀ ਯਕੀਨੀ ਬਣਾਈ ਜਾਵੇਗੀ। ਕੁਮਾਰ ਨੇ ਕਿਹਾ ਕਿ ਉਸ ਨੂੰ ਨਿਆਂਪਾਲਿਕਾ ਅਤੇ ਪੁਲੀਸ ਅਧਿਕਾਰੀਆਂ ਉੱਤੇ ਪੂਰਾ ਭਰੋਸਾ ਹੈ।

ਪੀਜੀਆਈ ਵਿਚ ਪੁਲੀਸ ਦੀ ਨਫ਼ਰੀ ਵਧਾਈ- ਪੋਸਟ ਮਾਰਟਮ ਦੇ ਮੱਦੇਨਜ਼ਰ ਪੀਜੀਆਈ ਵਿਚ ਪੁਲੀਸ ਮੁਲਾਜ਼ਮਾਂ ਦੀ ਨਫਰੀ ਵਧਾ ਦਿੱਤੀ ਗਈ ਹੈ। ਮਰਹੂਮ ਆਈਪੀਐੱਸ ਅਧਿਕਾਰੀ ਦੀ ਮ੍ਰਿਤਕ ਦੇਹ ਨੂੰ Advanced Anatomy Centre (AAC) ਵਿਚ ਰੱਖਿਆ ਗਿਆ ਹੈ। ਆਈਜੀਪੀ ਪੁਸ਼ਪੇਂਦਰ ਕੁਮਾਰ, ਐੱਸਐੱਸਪੀ ਕੰਵਰਦੀਪ ਕੌਰ, ਐੱਸਐੇੱਚਓ ਜੈਵੀਰ ਰਾਣਾ ਤੇ ਪੀਜੀਆਈ ਪੁਲੀਸ ਪੋਸਟ ਦੇ ਇੰਚਾਰਜ ਐੱਸਆਈ ਬਬੀਤਾ ਵੱਲੋਂ ਖੁਦ ਸਾਰੇ ਪ੍ਰਬੰਧਾਂ ’ਤੇ ਨਿਗਰਾਨੀ ਰੱਖੀ ਜਾ ਰਹੀ ਹੇ। AAC ਨੂੰ ਆਉਣ ਤੇ ਜਾਣ ਵਾਲੇ ਰਸਤੇ ਨੂੰ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਗਿਆ ਹੈ।

ਅਧਿਕਾਰਤ ਸੂਤਰਾਂ ਅਨੁਸਾਰ, ਮ੍ਰਿਤਕ ਅਧਿਕਾਰੀ ਦੇ ਪਰਿਵਾਰ – ਉਨ੍ਹਾਂ ਦੀ ਪਤਨੀ ਅਮਨੀਤ ਪੀ ਕੁਮਾਰ ਅਤੇ ਉਨ੍ਹਾਂ ਦੀਆਂ ਧੀਆਂ ਲਾਸ਼ ਦੀ ਪਛਾਣ ਕਰਨ ਅਤੇ ਪੋਸਟਮਾਰਟਮ ਦੀਆਂ ਰਸਮਾਂ ਪੂਰੀਆਂ ਕਰਨ ਲਈ ਪੀਜੀਆਈ ਪਹੁੰਚ ਗਈਆਂ ਹਨ। ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਅਦਾਲਤ ਦੀ ਨਿਗਰਾਨੀ ਹੇਠ ਸਾਰੇ ਕਾਨੂੰਨੀ ਪ੍ਰੋਟੋਕੋਲ ਦੀ ਸਾਵਧਾਨੀ ਨਾਲ ਪਾਲਣਾ ਕੀਤੀ ਜਾ ਰਹੀ ਹੈ, ਅਤੇ ਪਛਾਣ ਪੂਰੀ ਹੋਣ ਤੋਂ ਬਾਅਦ ਪੋਸਟਮਾਰਟਮ ਅੱਗੇ ਵਧੇਗਾ।

ਕੀ ਹੈ ਪੂਰਾ ਮਾਮਲਾ- ਆਈਪੀਐੱਸ ਵਾਈ ਪੂਰਨ ਕੁਮਾਰ ਨੇ 7 ਅਕਤੂਬਰ ਨੂੰ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪੁਲੀਸ ਅਧਿਕਾਰੀ ਨੇ ਖ਼ੁਦਕੁਸ਼ੀ ਨੋਟ ਵਿਚ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਸਣੇ ਇੱਕ ਦਰਜਨ ਤੋਂ ਵੱਧ ਅਫਸਰਾਂ ਦੇ ਨਾਮ ਲਿਖ ਕੇ ਉਨ੍ਹਾਂ ’ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸੀ। ਪੀੜਤ ਪਰਿਵਾਰ ਨੇ ਡੀਜੀਪੀ ਸ਼ਤਰੂਜੀਤ ਕਪੂਰ ਅਤੇ ਰੋਹਤਕ ਦੇ ਤਤਕਾਲੀ ਐਸਪੀ ਨਰੇਂਦਰ ਬਿਜਾਰਨੀਆ ਦੀ ਗ੍ਰਿਫਤਾਰੀ ਹੋਣ ਤੱਕ ਪੋਸਟਮਾਰਟਮ ਨਾ ਕਰਵਾਉਣ ਦਾ ਐਲਾਨ ਕੀਤਾ ਸੀ। ਹਾਲਾਂਕਿ ਲੰਘੇ ਦਿਨ ਚੰਡੀਗੜ੍ਹ ਪੁਲੀਸ ਉਕਤ ਮਾਮਲੇ ਵਿੱਚ ਅਦਾਲਤ ਪਹੁੰਚ ਗਈ ਸੀ। ਅਦਾਲਤ ਨੇ ਇਸ ਮਾਮਲੇ ਵਿੱਚ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ.ਕੁਮਾਰ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਦੀ ਸੁਣਵਾਈ ਅੱਜ 15 ਅਕਤੂਬਰ ’ਤੇ ਪਾ ਦਿੱਤੀ ਸੀ।

Related posts

ਜਸਟਿਸ ਐਸ.ਏ. ਧਰਮਧਿਕਾਰੀ ਮਦਰਾਸ ਹਾਈ ਕੋਰਟ ਦੇ ਚੀਫ਼ ਜਸਟਿਸ ਨਿਯੁਕਤ

Current Updates

ਗਣਤੰਤਰ ਦਿਵਸ ਤੋਂ ਪਹਿਲਾਂ ਪੰਜਾਬ ਪੁਲੀਸ ਦਾ ਵੱਡਾ ਐਕਸ਼ਨ: ਬੱਬਰ ਖਾਲਸਾ ਦਾ ਅਤਿਵਾਦੀ ਗ੍ਰਨੇਡ ਸਣੇ ਕਾਬੂ

Current Updates

ਮੋਦੀ ਸਰਕਾਰ ਨੇ ਆਮ ਨਿਵੇਸ਼ਕਾਂ ਨੂੰ ਬਰਬਾਦ ਕੀਤਾ: ਰਾਹੁਲ

Current Updates

Leave a Comment