ਵੈਨਕੂਵਰ- ਪ੍ਰਧਾਨ ਮੰਤਰੀ ਮੋਦੀ ਕੈਨੇਡਾ ਵਿੱਚ ਅਲਬਰਟਾ ਨੇੜਲੇ ਸ਼ਹਿਰ ਕਨਾਨਸਕੀ ਵਿੱਚ ਚੱਲ ਰਹੇ ਤਿੰਨ ਦਿਨਾ ਜੀ 7 ਸੰਮੇਲਨ ਵਿੱਚ ਸ਼ਮੂਲੀਅਤ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਲਗਰੀ ਪਹੁੰਚ ਗਏ ਹਨ। ਹਵਾਈ ਅੱਡੇ ’ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਕੈਲਗਰੀ ਦੇ ਸੂਤਰਾਂ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਭਾਰਤੀ ਪ੍ਰਧਾਨ ਮੰਤਰੀ ਦਾ ਕਾਫ਼ਲਾ ਹਵਾਈ ਅੱਡੇ ਤੋਂ ਰਵਾਨਾ ਨਹੀਂ ਹੋਇਆ ਸੀ। ਸ੍ਰੀ ਮੋਦੀ ਦੇ ਅਗਲੇ ਪ੍ਰੋਗਰਾਮ ਬਾਰੇ ਸਰਕਾਰੀ ਤੌਰ ’ਤੇ ਭਿਣਕ ਨਹੀਂ ਕੱਢੀ ਜਾ ਰਹੀ ਹੈ।
ਸ੍ਰੀ ਮੋਦੀ ਕੈਲਗਰੀ ਤੋਂ ਸੜਕ ਰਸਤੇ ਕਨਾਨਸਕੀ ਪਹੁੰਚਣਗੇ ਤੇ ਮੰਗਲਵਾਰ ਤੇ ਬੁੱਧਵਾਰ ਨੂੰ G7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਭਾਰਤ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਦਾ ਇਹ ਦੂਜਾ ਕੈਨੇਡਿਆਈ ਦੌਰਾ ਹੈ। ਇਸ ਤੋਂ ਪਹਿਲਾਂ ਉਹ ਯੋਗਾ ਕੈਂਪਾਂ ਦੀ ਸ਼ੁਰੂਆਤ ਲਈ 10 ਸਾਲ ਪਹਿਲਾਂ ਕੈਨੇਡਾ ਆਏ ਸਨ।
ਸ੍ਰੀ ਮੋਦੀ ਮੰਗਲਵਾਰ ਤੇ ਬੁੱਧਵਾਰ ਨੂੰ ਸਿਖਰ ਸੰਮੇਲਨ ਵਿੱਚ ਸ਼ਾਮਲ ਹੋ ਕੇ ਕਈ ਦੇਸ਼ਾਂ ਦੇ ਆਗੂਆਂ ਨਾਲ ਵਿਚਾਰ ਚਰਚਾ ਤੇ ਕਈ ਵਪਾਰਕ ਸਮਝੌਤੇ ਵੀ ਸਹੀਬੰਦ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਜ਼ਰਾਈਲ ਇਰਾਨ ਟਕਰਾਅ ਵਧਣ ਕਰਕੇ ਸੰਮੇਲਨ ਅੱਧ ਵਿਚਾਲੇ ਛੱਡ ਕੇ ਵਾਪਸ ਜਾਣ ਤੋਂ ਪਹਿਲਾਂ ਉਹ ਭਾਰਤੀ ਪ੍ਰਧਾਨ ਮੰਤਰੀ ਨਾਲ ਬੈਠਕ ਕਰ ਸਕਦੇ ਹਨ।