May 18, 2026
ਖਾਸ ਖ਼ਬਰਰਾਸ਼ਟਰੀ

ਰਾਜ ਸਭਾ ਰੌਲੇ-ਰੱਪੇ ਦਰਮਿਆਨ ਵਕਫ਼ ਬਿੱਲ ਬਾਰੇ ਰਿਪੋਰਟ ਰਾਜ ਸਭਾ ’ਚ ਪੇਸ਼

ਰਾਜ ਸਭਾ ਰੌਲੇ-ਰੱਪੇ ਦਰਮਿਆਨ ਵਕਫ਼ ਬਿੱਲ ਬਾਰੇ ਰਿਪੋਰਟ ਰਾਜ ਸਭਾ ’ਚ ਪੇਸ਼

ਨਵੀਂ ਦਿੱਲੀ-ਵਿਰੋਧੀ ਧਿਰਾਂ ਵੱਲੋਂ ਕੀਤੇ ਹੰਗਾਮੇ ਦੌਰਾਨ ਸੰਸਦ ਦੀ ਸਾਂਝੀ ਕਮੇਟੀ ਵੱਲੋਂ ਵਕਫ਼ ਬਿੱਲ ਆਪਣੀ ਰਿਪੋਰਟ ਰਾਜ ਸਭਾ ਵਿਚ ਪੇਸ਼ ਕੀਤੀ ਗਈ। ਇਸ ਦੌਰਾਨ ਸੱਤਾਧਿਰ ਤੇ ਵਿਰੋਧ ਧਿਰਾਂ ਦੇ ਮੈਂਬਰਾਂ ਦਰਮਿਆਨ ਜਮ ਕੇ ਬਹਿਸ ਹੋਈ, ਜਿਸ ਕਰਕੇ ਸਦਨ ਦੀ ਕਾਰਵਾਈ ਨੂੰ ਕੁਝ ਦੇਰ ਲਈ ਮੁਲਤਵੀ ਕਰਨਾ ਪਿਆ। ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਜੇਪੀਸੀ ਦੀ ਰਿਪੋਰਟ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਬਿੱਲ ਬਾਰੇ ਜਤਾਏ ਇਤਰਾਜ਼ਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਰਿਪੋਰਟ ਨੂੰ ‘ਫ਼ਰਜ਼ੀ’ ਕਰਾਰ ਦਿੱਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਹਾਲਾਂਕਿ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ। ਵਿਰੋਧੀ ਧਿਰਾਂ ਦੇ ਮੈਂਬਰ ਮਗਰੋਂ ਸਦਨ ’ਚੋਂ ਵਾਕਆਊਟ ਕਰ ਗਏ।

ਭਾਜਪਾ ਮੈਂਬਰ ਮੇਧਾ ਵਿਸ਼ਰਾਮ ਕੁਲਕਰਨੀ, ਜੋ ਜੇਪੀਸੀ ਦੇ ਮੈਂਬਰ ਵੀ ਹਨ, ਨੇ ਵਕਫ਼ ਸੋਧ ਬਿੱਲ ਬਾਰੇ ਰਿਪੋਰਟ ਸਦਨ ਵਿਚ ਰੱਖੀ। ਉਨ੍ਹਾਂ ਜਿਵੇਂ ਹੀ ਰਿਪੋਰਟ ਪੇਸ਼ ਕੀਤੀ ਤਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਰੌਲੇ-ਰੱਪੇ ਦਰਮਿਆਨ ਹੀ ਚੇਅਰਮੈਨ ਜਗਦੀਪ ਧਨਖੜ ਨੇ ਰਾਸ਼ਟਰਪਤੀ ਦਰੋਪਰੀ ਮੁਰਮੂ ਦਾ ਸੰਦੇਸ਼ ਪੜ੍ਹਨ ਦੀ ਕੋਸ਼ਿਸ਼ ਕੀਤੀ। ਧਨਖੜ ਨੇ ਮੈਂਬਰਾਂ ਨੂੰ ਕਿਹਾ ਕਿ ‘ਉਹ ਭਾਰਤ ਦੀ ਰਾਸ਼ਟਰਪਤੀ ਪ੍ਰਤੀ ਨਿਰਾਦਰ ਨਾ ਦਿਖਾਉਣ।’’ ਉਨ੍ਹਾਂ ਖੜਗੇ ਨੂੰ ਅਪੀਲ ਕੀਤੀ ਕਿ ਉਹ ਵਿਰੋਧੀ ਧਿਰਾਂ ਦੇ ਮੈਂਬਰਾਂ ਨੂੰ ਸੀਟਾਂ ’ਤੇ ਬੈਠਣ ਲਈ ਆਖਣ। ਰੌਲਾ ਰੱਪਾ ਜਾਰੀ ਰਿਹਾ ਤਾਂ ਚੇਅਰਮੈਨ ਨੇ ਸਦਨ ਨੂੰ 11:20 ਵਜੇ ਤੱਕ ਮੁਲਤਵੀ ਕਰ ਦਿੱਤਾ।

ਉਪਰਲਾ ਸਦਨ ਮੁੜ ਜੁੜਿਆ ਤਾਂ ਚੇਅਰਮੈਨ ਨੇ ਸਿਫ਼ਰ ਕਾਲ ਸ਼ੁਰੂ ਕਰਨ ਲਈ ਜ਼ੋਰ ਪਾਇਆ। ਉਧਰ ਵਿਰੋਧੀ ਧਿਰਾਂ ਨੇ ਸ਼ੋਰ-ਸ਼ਰਾਬਾ ਜਾਰੀ ਰੱਖਿਆ ਤੇ ਕੁਝ ਸੰਸਦ ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ। ਸਦਨ ਦੇ ਆਗੂ ਜੇਪੀ ਨੱਢਾ ਨੇ ਅਫਸੋਸ ਜਤਾਇਆ ਕਿ ਜਦੋਂ ਰਾਸ਼ਟਰਪਤੀ ਦਾ ਸੰਦੇਸ਼ ਪੜ੍ਹਿਆ ਗਿਆ ਤਾਂ ਸਦਨ ਵਿਚ ਵਿਰੋਧੀ ਧਿਰਾਂ ਦਾ ਹੰਗਾਮਾ ਜਾਰੀ ਸੀ। ਚੇਅਰਮੈਨ ਧਨਖੜ ਨੇ ਕਿਹਾ ਕਿ ਸਮੀਰੁਲ ਇਸਲਾਮ, ਨਦੀਮੁਲ ਹੱਕ ਤੇ ਐੱਮ. ਮੁਹੰਮਦ ਅਬਦੁੱਲਾ ਨੇ ਸਦਨ ਦੀ ਕਾਰਵਾਈ ’ਚ ਅੜਿੱਕਾ ਪਾਇਆ। ਚੇਅਰਮੈਨ ਨੇ ਖੜਗੇ ਨੂੰ ਸੱਦ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਕਾਂਗਰਸ ਪ੍ਰਧਾਨ ਨੇ ਚੇਅਰਮੈਨ ਨੂੰ ਦੱਸਿਆ ਕਿ ਵਕਫ਼ ਬਿੱਲ ਬਾਰੇ ਰਿਪੋਰਟ ’ਚ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਵੱਲੋਂ ਜਤਾਏ ਇਤਰਾਜ਼ਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ, ਜੋ ਕਿ ਗੈਰਜਮਹੂਰੀ ਹੈ। ਖੜਗੇ ਨੇ ਇਸ ਨੂੰ ‘ਫ਼ਰਜ਼ੀ ਰਿਪੋਰਟ’ ਦੱਸਿਆ ਤੇ ਇਸ ਨੂੰ ਵਾਪਸ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ। ਡੀਐੱਮਕੇ ਦੇ ਤਿਰੂਚੀ ਸ਼ਿਵਾ ਤੇ ‘ਆਪ’ ਦੇ ਸੰਜੈ ਸਿੰਘ ਨੇ ਵੀ ਰਿਪੋਰਟ ਵਿਚੋਂ ਕਥਿਤ ਵਿਰੋਧੀ ਧਿਰਾਂ ਦੇ ਇਤਰਾਜ਼ਾਂ ਨੂੰ ਸ਼ਾਮਲ ਨਾ ਕੀਤੇ ਜਾਣ ਦਾ ਦਾਅਵਾ ਕੀਤਾ।

ਉਧਰ ਰਿਜਿਜੂ ਨੇ ਇਨ੍ਹਾਂ ਦੋੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ, ‘‘ਰਿਪੋਰਟ ਦਾ ਕੋਈ ਵੀ ਹਿੱਸਾ ਨਾ ਡਿਲੀਟ ਤੇ ਨਾ ਹੀ ਹਟਾਇਆ ਗਿਆ ਹੈ। ਸਦਨ ਨੂੰ ਗੁੰਮਰਾਹ ਨਾ ਕੀਤਾ ਜਾਵੇ। ਵਿਰੋਧੀ ਧਿਰਾਂ ਦੇ ਮੈਂਬਰ ਬੇਲੋੜਾ ਮੁੱਦਾ ਬਣਾ ਰਹੇ ਹਨ। ਦੋਸ਼ ਪੂਰੀ ਤਰ੍ਹਾਂ ਝੂਠ ਹਨ।’’ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਤੇ ਨਿਰਮਲਾ ਸੀਤਾਰਮਨ ਨੇ ਵੀ ਵਿਰੋਧੀ ਪਾਰਟੀਆਂ ’ਤੇ ਉਪਰਲੇ ਸਦਨ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਇਸ ਮਗਰੋਂ ਵਿਰੋਧੀ ਧਿਰਾਂ ਦੇ ਐੱਮਪੀ ਸਦਨ ’ਚੋਂ ਵਾਕਆਊਟ ਕਰ ਗਏ।

Related posts

‘ਕੇਸਰੀ ਚੈਪਟਰ 2’ ਦੀ ਸਕ੍ਰੀਨਿੰਗ ਦੀ ਮੇਜ਼ਬਾਨੀ ਲਈ ਅਕਸ਼ੈ ਵੱਲੋਂ ਹਰਦੀਪ ਪੁਰੀ ਦਾ ਧੰਨਵਾਦ

Current Updates

ਪੰਜਾਬ ਜਬਰ ਵਿਰੁੱਧ ਲੜਨ ਲਈ ਪ੍ਰੇਰਦੀ ਰਹੇਗੀ ਸਾਹਿਬਜ਼ਾਦਿਆਂ ਦੀ ਕੁਰਬਾਨੀ: ਮਾਨ

Current Updates

ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉੱਤਰੀ ਖੇਤਰੀ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ

Current Updates

Leave a Comment