ਉੱਤਰਾਖੰਡ- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੱਲੋਂ ਪੰਜਾਬੀ ਗਾਇਕ ਦਲੇਰ ਮਹਿੰਦੀ ਨਾਲ ਸਬੰਧਤ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉੱਤਰਾਖੰਡ ਸਾਰੇ ਕਲਾਕਾਰਾਂ ਦਾ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਦਲੇਰ ਮਹਿੰਦੀ ਅਤੇ ਮੀਕਾ ਸਿੰਘ ਨਾਲ ਖ਼ੁਦ ਗੱਲ ਕਰਨਗੇ। ਉਨ੍ਹਾਂ ਨੇ ਦੋਵਾਂ ਗਾਇਕਾਂ ਨੂੰ ਆਪਣੇ ਚੰਗੇ ਦੋਸਤ ਦੱਸਿਆ। ਜ਼ਿਕਰਯੋਗ ਹੈ ਕਿ ਮੰਤਰੀ ਸੁਬੋਧ ਉਨਿਯਾਲ ਵੱਲੋਂ ਗਾਇਕ ਦਲੇਰ ਮਹਿੰਦੀ ਨੂੰ ਜਨਤਕ ਤੌਰ ’ਤੇ ਕਿਹਾ ਗਿਆ ਸੀ ਕਿ ਤੁਹਾਡੇ ਕੋਲੋਂ ਸਟੇਜ ’ਤੇ ਬੋਲਿਆ ਤਾਂ ਜਾ ਨਹੀਂ ਰਿਹਾ, ਤੁਸੀਂ ਗੀਤ ਕੀ ਗਾਓਗੇ।
ਇਹ ਵਿਵਾਦ ਐਤਵਾਰ ਰਾਤ ਨੂੰ ਸਿੱਧਪੀਠ ਮਾਂ ਕੁੰਜਪੁਰੀ ਮੇਲੇ ਦੌਰਾਨ ਪੈਦਾ ਹੋਇਆ ਸੀ। ਇਸ ਮੇਲੇ ਵਿੱਚ ਮੰਤਰੀ ਸੁਬੋਧ ਉਨਿਯਾਲ ਨੇ ਸਟੇਜ ’ਤੇ ਦਲੇਰ ਮਹਿੰਦੀ ਨੂੰ ਪੁੱਛਿਆ ਸੀ ਕਿ ਕੀ ਉਹ ਨਸ਼ੇ ਵਿੱਚ ਹਨ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਬੌਲੀਵੁੱਡ ਦੀਆਂ ਕਈ ਹਸਤੀਆਂ ਅਤੇ ਗਾਇਕ ਮੀਕਾ ਸਿੰਘ ਨੇ ਮੰਤਰੀ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਸੀ। ਮੰਤਰੀ ਸੁਬੋਧ ਉਨਿਯਾਲ ਨੇ ਇਸ ਮਾਮਲੇ ’ਤੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਲੋਕਾਂ ਦੇ ਦਬਾਅ ਕਾਰਨ ਗਾਇਕ ਨੂੰ ਸਵਾਲ ਪੁੱਛਿਆ ਸੀ। ਉਨ੍ਹਾਂ ਮੁਤਾਬਕ ਦਲੇਰ ਮਹਿੰਦੀ ਉਸ ਸਮੇਂ ਠੀਕ ਤਰ੍ਹਾਂ ਬੋਲ ਜਾਂ ਤੁਰ ਨਹੀਂ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਇਹ ਸਵਾਲ ਕਰਨਾ ਪਿਆ।
ਧਾਮੀ ਨੇ ਕਿਹਾ, ਮੰਤਰੀ ਨੂੰ ਗਾਇਕ ਦੀ ਤਬੀਅਤ ਬਾਰੇ ਜਾਣਕਾਰੀ ਨਹੀਂ ਸੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਮੀ ਨੇ ਕਿਹਾ ਕਿ ਸੰਭਵ ਹੈ ਕਿ ਮੰਤਰੀ ਉਸ ਸਮੇਂ ਲੋਕਾਂ ਦੇ ਦਬਾਅ ਹੇਠ ਹੋਣ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਦਲੇਰ ਮਹਿੰਦੀ ਦੀ ਤਬੀਅਤ ਠੀਕ ਨਹੀਂ ਹੈ। ਮੁੱਖ ਮੰਤਰੀ ਨੇ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਹੁਣ ਇਸ ਮਾਮਲੇ ਨੂੰ ਇੱਥੇ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਾਰੇ ਕਲਾਕਾਰਾਂ ਦਾ ਸਤਿਕਾਰ ਕਰਦਾ ਹੈ ਅਤੇ ਉਹ ਦੋਵਾਂ ਗਾਇਕਾਂ ਨਾਲ ਗੱਲਬਾਤ ਕਰਕੇ ਇਸ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਗੇ।
