ਸੰਗਰੂਰ- ਖ਼ੁਦਕੁਸ਼ੀ ਕਰਨ ਵਾਲੇ ਪਿੰਡ ਕਨੋਈ ਦੇ ਨੌਜਵਾਨ ਸਨਮਦੀਪ ਸਿੰਘ, ਜਿਸ ਦਾ ਬੀਤੇ ਕੱਲ੍ਹ ਪੁਲੀਸ ਵੱਲੋਂ ਪਰਿਵਾਰ ਨੂੰ ਹਿਰਾਸਤ ’ਚ ਲੈਣ ਮਗਰੋਂ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਕਥਿਤ ਤੌਰ ’ਤੇ ਜਬਰੀ ਅੰਤਿਮ ਸਸਕਾਰ ਕਰ ਦਿੱਤਾ ਗਿਆ ਸੀ, ਦਾ ਅੰਗੀਠਾ/ਫੁੱਲ ਵੀ ਹੁਣ ਪੁਲੀਸ ਦੇ ਪਹਿਰੇ ਹੇਠ ਹਨ। ਸਥਾਨਕ ਉਭਾਵਾਲ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਹਨ। ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਸਮੇਤ ਕਰੀਬ 8-10 ਸਕੇ ਸਬੰਧੀ ਹਾਲੇ ਵੀ ਪੁਲੀਸ ਹਿਰਾਸਤ ਵਿੱਚ ਹਨ, ਜਿਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਗਿਆ।
ਮ੍ਰਿਤਕ ਦੇ ਮਾਮਾ ਸੰਦੀਪ ਸਿੰਘ ਵਾਸੀ ਧਨੌਲਾ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਹੈ ਕਿ ਬੀਤੇ ਕੱਲ੍ਹ ਹਿਰਾਸਤ ’ਚ ਸਨਮਦੀਪ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਸਣੇ 8-10 ਜਣਿਆਂ ਨੂੰ ਪੁਲੀਸ ਨੇ ਕਿੱਥੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਪੁਲੀਸ ਥਾਣਾ ਧੂਰੀ ਜਾ ਕੇ ਆਏ ਹਨ, ਜਿਸ ਤੋਂ ਬਾਅਦ ਉਹ ਥਾਣਾ ਸਦਰ ਸੰਗਰੂਰ ਗਏ, ਪਰ ਪੁਲੀਸ ਕੁਝ ਨਹੀਂ ਦੱਸ ਰਹੀ ਕਿ ਪਰਿਵਾਰਕ ਮੈਂਬਰਾਂ ਨੂੰ ਕਿੱਥੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਉਹ ਸਵੇਰ ਤੋਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਪਰ ਕੁਝ ਪਤਾ ਨਹੀਂ ਲੱਗਿਆ।
