ਲੁਧਿਆਣਾ- ਲੁਧਿਆਣਾ ਦੇ ਮੁੱਖ ਰੇਲਵੇ ਸਟੇਸ਼ਨ ’ਤੇ ਅੱਜ ਸਵੇਰੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਨਵੀਂ ਦਿੱਲੀ ਤੋਂ ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾ ਰਹੀ ਸਪੈਸ਼ਲ ਰੇਲ ਗੱਡੀ (04081) ਸਟੇਸ਼ਨ ਤੋਂ ਰਵਾਨਾ ਹੁੰਦੇ ਸਾਰ ਹੀ ਦੋ ਹਿੱਸਿਆਂ ਵਿੱਚ ਵੰਡੀ ਗਈ। ਰੇਲ ਗੱਡੀ ਦੇ ਦੋ ਡੱਬਿਆਂ ਨੂੰ ਆਪਸ ਵਿੱਚ ਜੋੜਨ ਵਾਲੀ ਕਲਿਪਿੰਗ ਟੁੱਟਣ ਕਾਰਨ ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਸਲੀਪਰ ਕੋਚ ਦਾ ਪਖਾਨਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਗੱਡੀ ਦੇ ਦੋ ਫਾੜ ਹੁੰਦਿਆਂ ਹੀ ਮੁਸਾਫ਼ਰਾਂ ਵਿੱਚ ਰੌਲਾ ਪੈ ਗਿਆ ਅਤੇ ਸਵਾਰੀਆਂ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੀਆਂ।
ਲੋਕਾਂ ਮੁਤਾਬਕ ਸ਼ਨਿਚਰਵਾਰ ਸਵੇਰੇ ਜਿਵੇਂ ਹੀ ਨਿਊ ਦਿੱਲੀ-ਕਟੜਾ ਸਪੈਸ਼ਲ ਟਰੇਨ ਨੇ ਲੁਧਿਆਣਾ ਸਟੇਸ਼ਨ ਤੋਂ ਅੱਗੇ ਵਧਣਾ ਸ਼ੁਰੂ ਕੀਤਾ, ਤਾਂ ਅਚਾਨਕ ਇੱਕ ਭਿਆਨਕ ਆਵਾਜ਼ ਸੁਣਾਈ ਦਿੱਤੀ। ਇਹ ਆਵਾਜ਼ ਐਨੀ ਤੇਜ਼ ਸੀ ਕਿ ਰੇਲ ਗੱਡੀ ਵਿੱਚ ਸਵਾਰ ਲੋਕ ਕਿਸੇ ਅਣਹੋਣੀ ਦੇ ਡਰੋਂ ਸਹਿਮ ਗਏ। ਚੇਨ ਟੁੱਟਣ ਦੇ ਜ਼ੋਰਦਾਰ ਝਟਕੇ ਕਾਰਨ ਸਲੀਪਰ ਕੋਚ ਦਾ ਪਖਾਨਾ ਬੁਰੀ ਤਰ੍ਹਾਂ ਤਬਾਹ ਹੋ ਗਿਆ। ਇਸ ਅਚਨਚੇਤ ਵਾਪਰੇ ਘਟਨਾਕ੍ਰਮ ਕਾਰਨ ਪੂਰੀ ਟ੍ਰੇਨ ਵਿੱਚ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ ਅਤੇ ਡਰੇ-ਸਹਿਮੇ ਮੁਸਾਫ਼ਰ ਡੱਬਿਆਂ ਵਿੱਚੋਂ ਬਾਹਰ ਵੱਲ ਆ ਗਏ ।
ਘਟਨਾ ਦੇ ਅਸਲ ਕਾਰਨਾਂ ਨੂੰ ਲੈ ਕੇ ਸਥਿਤੀ ਅਜੇ ਵੀ ਅਸਪਸ਼ਟ ਹੈ। ਰੇਲਵੇ ਦੇ ਕੁਝ ਤਕਨੀਕੀ ਅਧਿਕਾਰੀਆਂ ਦਾ ਮੁੱਢਲਾ ਅੰਦਾਜ਼ਾ ਹੈ ਕਿ ਟ੍ਰੇਨ ਦੇ ਅੱਗੇ ਵਧਣ ਸਮੇਂ ਕਲਪਿੰਗ (ਡੱਬਿਆਂ ਨੂੰ ਜੋੜਨ ਵਾਲੀ ਕੁੰਡੀ) ’ਤੇ ਜ਼ਿਆਦਾ ਖਿਚਾਅ ਪੈਣ ਕਾਰਨ ਉਹ ਟੁੱਟ ਗਈ। ਇਸ ਦੇ ਉਲਟ, ਸਫ਼ਰ ਕਰ ਰਹੇ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਲਪਿੰਗ ਟੁੱਟਣ ਤੋਂ ਠੀਕ ਪਹਿਲਾਂ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਸੀ। ਫਿਲਹਾਲ ਰੇਲਵੇ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕਰ ਰਿਹਾ ਹੈ ਕਿ ਇਹ ਮਹਿਜ਼ ਇੱਕ ਤਕਨੀਕੀ ਨੁਕਸ ਸੀ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਸਨ।
‘ਆਪ੍ਰੇਸ਼ਨ ਬਲੂ ਸਟਾਰ’ ਦੀ ਬਰਸੀ ਕਾਰਨ ਪੁਲੀਸ ਹਰ ਪਹਿਲੂ ਤੋਂ ਚੌਕਸ- ਦੱਸ ਦਈਏ ਕਿ ਅੱਜ 6 ਜੂਨ ਨੂੰ ‘ਅਪਰੇਸ਼ਨ ਬਲੂ ਸਟਾਰ’ ਦੀ ਬਰਸੀ ਹੈ, ਜਿਸ ਨੂੰ ਲੈ ਕੇ ਹਿੰਦੂ ਜਥੇਬੰਦੀਆਂ ਵੱਲੋਂ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ ਅਤੇ ਪੰਜਾਬ ਭਰ ਵਿੱਚ ਪਹਿਲਾਂ ਹੀ ਹਾਈ ਅਲਰਟ ਜਾਰੀ ਹੈ। ਪੁਲੀਸ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਿਉਂਕਿ ਲੁਧਿਆਣਾ ਅਤੇ ਖ਼ਾਸ ਕਰਕੇ ਰੇਲਵੇ ਸਟੇਸ਼ਨ ਨੂੰ ਪਹਿਲਾਂ ਵੀ ਕਈ ਵਾਰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ, ਇਸ ਲਈ ਪੁਲੀਸ ਦੇ ਆਲ੍ਹਾ ਅਧਿਕਾਰੀ ਇਸ ਮਾਮਲੇ ਨੂੰ ਕਿਸੇ ਵੀ ਤਰ੍ਹਾਂ ਹਲਕੇ ਵਿੱਚ ਨਹੀਂ ਲੈ ਰਹੇ ਅਤੇ ਹਰ ਸੰਭਵ ਐਂਗਲ (ਪਹਿਲੂ) ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
