ਲੁਧਿਆਣਾ- ਸਨਅਤੀ ਸ਼ਹਿਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦਾ ਸਿੱਧਾ ਅਸਰ ਸ਼ਹਿਰ ਵਾਸੀਆਂ ਦੀ ਜੇਬ ’ਤੇ ਪਵੇਗਾ। ਵਧ ਰਹੀ ਮਹਿੰਗਾਈ ਅਤੇ ਮਜ਼ਦੂਰਾਂ ਦੇ ਡੂੰਘੇ ਸੰਕਟ ਦੇ ਮੱਦੇਨਜ਼ਰ ਸ਼ਹਿਰ ਦੀਆਂ ਦੋ ਪ੍ਰਮੁੱਖ ਜਥੇਬੰਦੀਆਂ, ਹੈਬੋਵਾਲ ਅਤੇ ਤਾਜਪੁਰ ਰੋਡ ਡੇਅਰੀ ਐਸੋਸੀਏਸ਼ਨ ਨੇ ਸਾਂਝੇ ਤੌਰ ’ਤੇ ਦੁੱਧ ਦੀਆਂ ਕੀਮਤਾਂ ਵਿੱਚ ਪੰਜ ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਆਂ ਦਰਾਂ ਆਉਣ ਵਾਲੀ 1 ਮਈ ਤੋਂ ਪੂਰੇ ਸ਼ਹਿਰ ਵਿੱਚ ਪ੍ਰਭਾਵੀ ਹੋ ਜਾਣਗੀਆਂ। ਇਸ ਮਗਰੋਂ ਲੋਕਾਂ ਨੂੰ ਹੁਣ 75 ਰੁਪਏ ਕਿੱਲੋ ਵਾਲੇ ਦੁੱਧ ਲਈ 80 ਰੁਪਏ ਦੇਣੇ ਪੈਣਗੇ ਤੇ 70 ਰੁਪਏ ਕਿੱਲੋ ਵਾਲੇ ਦੁੱਧ ਲਈ 75 ਦੇਣੇ ਪੈਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੇਅਰੀ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਿੰਘ ਲਾਹੌਰੀਆ ਅਤੇ ਚੇਅਰਮੈਨ ਪਰਮਿੰਦਰ ਸਿੰਘ ਬੋਬੀ ਨੇ ਦੱਸਿਆ ਕਿ ਤਾਜਪੁਰ ਰੋਡ ਅਤੇ ਹੰਬੜਾਂ ਰੋਡ ਸਥਿਤ ਡੇਅਰੀ ਕੰਪਲੈਕਸਾਂ ਦੀ ਹੋਈ ਸਾਂਝੀ ਮੀਟਿੰਗ ਵਿੱਚ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਦੁੱਧ ਦੇ ਉਤਪਾਦਨ ਖ਼ਰਚਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਹੁਣ ਪੁਰਾਣੀਆਂ ਕੀਮਤਾਂ ’ਤੇ ਦੁੱਧ ਵੇਚਣਾ ਡੇਅਰੀ ਵਾਲਿਆਂ ਲਈ ਆਸਾਨ ਨਹੀਂ ਸੀ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਸ਼ੂਆਂ ਦੇ ਪੱਠੇ ਬਹੁਤ ਜ਼ਿਆਦਾ ਮਹਿੰਗੇ ਹੋ ਚੁੱਕੇ ਹਨ। ਇਸ ਤੋਂ ਇਲਾਵਾ ਮਜ਼ਦੂਰਾਂ ਦੀ ਭਾਰੀ ਕਿੱਲਤ ਅਤੇ ਦਿਹਾੜੀਆਂ ਵਿੱਚ ਹੋਏ ਵਾਧੇ ਨੇ ਡੇਅਰੀ ਕਾਰੋਬਾਰ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ।
ਉਨ੍ਹਾਂ ਗੈਸ ਸਿਲੰਡਰਾਂ ਦੀ ਉਪਲਬਧਤਾ ਵਿੱਚ ਆ ਰਹੀਆਂ ਦਿੱਕਤਾਂ ਅਤੇ ਕੌਮਾਂਤਰੀ ਪੱਧਰ ’ਤੇ ਚੱਲ ਰਹੀਆਂ ਜੰਗਾਂ ਕਾਰਨ ਸਪਲਾਈ ਚੇਨ ’ਤੇ ਪਏ ਮਾੜੇ ਪ੍ਰਭਾਵ ਨੂੰ ਵੀ ਕਾਰੋਬਾਰ ਲਈ ਵੱਡੀ ਚੁਣੌਤੀ ਦੱਸਿਆ। ਆਗੂਆਂ ਨੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਡੇਅਰੀ ਚਲਾਉਣੀ ਬੇਹੱਦ ਮੁਸ਼ਕਲ ਹੋ ਗਈ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਜਬੂਰੀ ਨੂੰ ਸਮਝਣ ਅਤੇ ਸਹਿਯੋਗ ਦੇਣ। ਡੇਅਰੀ ਐਸੋਸੇਈਸ਼ੇਨ ਦੇ ਆਗੂਆਂ ਨੇ ਦੱਸਿਆ ਕਿ 65 ਰੁਪਏ ਵਾਲਾ ਦੁੱਧ ਹੁਣ 70 ਰੁਪਏ ਪ੍ਰਤੀ ਕਿਲੋ ਮਿਲੇਗਾ, 70 ਰੁਪਏ ਵਾਲਾ ਦੁੱਧ ਹੁਣ 75 ਰੁਪਏ ਪ੍ਰਤੀ ਕਿਲੋ ਮਿਲੇਗਾ ਤੇ 75 ਰੁਪਏ ਵਾਲਾ ਦੁੱਧ ਹੁਣ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇਗਾ।
