ਚੰਡੀਗੜ੍ਹ- ਚੰਡੀਗੜ੍ਹ ਪੁਲੀਸ ਦੀ ਇੱਕ ਟੀਮ ਮੰਗਲਵਾਰ ਨੂੰ ਲੇਖਕਾ ਅਤੇ ਸਿੱਖਿਆ ਸ਼ਾਸਤਰੀ ਮਧੂ ਕਿਸ਼ਵਰ ਵਿਰੁੱਧ ਦਰਜ ਐੱਫ ਆਈ ਆਰ. (FIR) ਦੇ ਸਬੰਧ ਵਿੱਚ ਨੋਟਿਸ ਦੇਣ ਲਈ ਦਿੱਲੀ ਦੇ ਸਰਿਤਾ ਵਿਹਾਰ ਸਥਿਤ ਉਨ੍ਹਾਂ ਦੇ ਦਫ਼ਤਰ ਪਹੁੰਚੀ। ਚੰਡੀਗੜ੍ਹ ਦੇ ਸੈਕਟਰ 19 ਦੀ ਐੱਸ ਐਚ ਓ (SHO) ਸਰਿਤਾ ਰਾਏ ਨੇ ਦੱਸਿਆ, “19 ਅਪਰੈਲ ਨੂੰ ਸੈਕਟਰ 26 ਦੇ ਪੁਲੀਸ ਸਟੇਸ਼ਨ ਵਿੱਚ ਇੱਕ ਐੱਫ ਆਈ ਆਰ ਦਰਜ ਕੀਤੀ ਗਈ ਹੈ। ਇਹ ਮਾਮਲਾ ਇੱਕ ਟਵੀਟ ਕੀਤੀ ਗਈ ਵੀਡੀਓ ਨਾਲ ਸਬੰਧਤ ਹੈ। ਮਧੂ ਕਿਸ਼ਵਰ ‘ਤੇ ਉਸ ਵੀਡੀਓ ਨੂੰ ਰੀ-ਟਵੀਟ ਕਰਨ ਦਾ ਦੋਸ਼ ਹੈ। ਅਸੀਂ ਉਨ੍ਹਾਂ ਨੂੰ 35.3 BNSS ਤਹਿਤ ਨੋਟਿਸ ਦੇਣ ਆਏ ਸੀ। ਉਨ੍ਹਾਂ ਨੂੰ ਪੁਲੀਸ ਸਟੇਸ਼ਨ ਵਿੱਚ ਪੇਸ਼ ਹੋਣ ਲਈ ਨੋਟਿਸ ਦੇ ਦਿੱਤਾ ਗਿਆ ਹੈ। ਪੇਸ਼ੀ ਲਈ ਭਲਕੇ ਦੀ ਤਰੀਕ ਦਿੱਤੀ ਗਈ ਹੈ, ਉਸ ਤੋਂ ਬਾਅਦ ਅਗਲੀ ਕਾਰਵਾਈ ਦੇਖੀ ਜਾਵੇਗੀ।”
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਚੰਡੀਗੜ੍ਹ ਦੇ ਇੱਕ ਨਿਵਾਸੀ ਦੀ ਸ਼ਿਕਾਇਤ ਦੇ ਅਧਾਰ ‘ਤੇ ਸਿੱਖਿਆ ਸ਼ਾਸਤਰੀ ਮਧੂ ਕਿਸ਼ਵਰ ਵਿਰੁੱਧ ਸੋਸ਼ਲ ਮੀਡੀਆ ‘ਤੇ ਫਰਜ਼ੀ ਅਤੇ ਭਰਮਾਊ ਸਮੱਗਰੀ ਫੈਲਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਕਿਸ਼ਵਰ ਅਤੇ ਕੁਝ ਹੋਰ ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਖ਼ਿਲਾਫ਼ ਭਾਰਤੀ ਨਿਆ ਸੰਹਿਤਾ ਦੀ ਧਾਰਾ 196 (ਧਰਮ, ਜਾਤ, ਭਾਸ਼ਾ ਦੇ ਅਧਾਰ ‘ਤੇ ਸਮੂਹਾਂ ਵਿਚਕਾਰ ਦੁਸ਼ਮਣੀ, ਨਫ਼ਰਤ ਜਾਂ ਮੰਦਭਾਵਨਾ ਨੂੰ ਉਤਸ਼ਾਹਿਤ ਕਰਨ ਵਾਲੇ ਕੰਮਾਂ ਨੂੰ ਅਪਰਾਧ ਘੋਸ਼ਿਤ ਕਰਨਾ), 336 (1) (ਜਾਅਲੀ ਦਸਤਾਵੇਜ਼ ਬਣਾਉਣਾ) ਅਤੇ 356 (ਅਪਰਾਧਿਕ ਮਾਣਹਾਨੀ) ਸਮੇਤ ਆਈ.ਟੀ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਸੈਕਟਰ-26 ਪੁਲੀਸ ਸਟੇਸ਼ਨ ਵਿੱਚ ਐੱਫ ਆਈ ਆਰ (FIR) ਦਰਜ ਕੀਤੀ ਗਈ ਹੈ।
ਚੰਡੀਗੜ੍ਹ ਪੁਲੀਸ ਵੱਲੋਂ ਸੋਮਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ ਸ਼ਹਿਰ ਦੇ ਇੱਕ ਸ਼ਿਕਾਇਤਕਰਤਾ ਨੇ 19 ਅਪਰੈਲ ਨੂੰ ਦੋਸ਼ ਲਾਇਆ ਕਿ ਕੁਝ ਫਰਜ਼ੀ ਅਤੇ ਭਰਮਾਊ ਸੋਸ਼ਲ ਮੀਡੀਆ ਪੋਸਟਾਂ ਅਤੇ ਵੀਡੀਓ ਕਲਿੱਪਾਂ, ਜਿਨ੍ਹਾਂ ਵਿੱਚ ਅਸ਼ਲੀਲ ‘ਟੈਕਸਟ’ ਅਤੇ ਸਮੱਗਰੀ ਹੈ, ਵੱਖ-ਵੱਖ ਸੋਸ਼ਲ ਮੀਡੀਆ ਉਪਭੋਗਤਾਵਾਂ ਦੁਆਰਾ ਪ੍ਰਸਾਰਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਵੀਡੀਓ ਵਿੱਚ ਦਿਖਾਈ ਦੇ ਰਹੇ ਵਿਅਕਤੀ ਦੀ ਗਲਤ ਪਛਾਣ ਦੱਸੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਸ਼ਿਕਾਇਤਕਰਤਾ ਅਨੁਸਾਰ ਇਹ ਜਾਣਬੁੱਝ ਕੇ ਅਸ਼ਲੀਲ ਸ਼ਬਦਾਂ ਅਤੇ ਵਾਕਾਂਸ਼ਾਂ ਦੀ ਵਰਤੋਂ ਕਰਕੇ ਝੂਠਾ ਇਲੈਕਟ੍ਰਾਨਿਕ ਰਿਕਾਰਡ ਬਣਾਉਣ ਦਾ ਕੰਮ ਹੈ, ਉਹ ਵੀ ਇਹ ਜਾਣਦੇ ਹੋਏ ਅਤੇ ਇਹ ਮੰਨਣ ਦੇ ਪੂਰੇ ਕਾਰਨਾਂ ਦੇ ਨਾਲ ਕਿ ਪੋਸਟਾਂ ਭਰਮਾਊ ਅਤੇ ਝੂਠੀਆਂ ਹਨ ਅਤੇ ਇਸਦਾ ਉਦੇਸ਼ ਨੁਕਸਾਨ ਜਾਂ ਠੇਸ ਪਹੁੰਚਾਉਣਾ ਹੈ। ਸ਼ਿਕਾਇਤਕਰਤਾ ਅਨੁਸਾਰ ਇੱਕ ਸੰਵਿਧਾਨਕ ਅਧਿਕਾਰੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਤੇ ਵਿਵਸਥਾ ਨੂੰ ਭੰਗ ਕਰਨ ਦੇ ਇਰਾਦੇ ਨਾਲ ਪ੍ਰਸਾਰਿਤ ਕੀਤੇ ਗਏ ਵੀਡੀਓ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਉਚਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸ਼ਿਕਾਇਤਕਰਤਾ ਮੁਤਾਬਕ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਇੱਕ ਟ੍ਰੈਵਲ ਵਲੌਗਰ (travel vlogger) ਹੈ, ਜਿਸਦੀ ਪਤਨੀ ਨਿਯਮਿਤ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪੋਸਟ ਕਰਦੀ ਹੈ। ਅਸਲ ਵੀਡੀਓ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸਾਂਝੀ ਕੀਤੀ ਗਈ ਸੀ। ਪੁਲੀਸ ਨੇ ਬਿਆਨ ਵਿੱਚ ਕਿਹਾ, “ਮਹਿਲਾ ਦੇ ਬਿਆਨ ਅਨੁਸਾਰ, ਉਸ ਨੇ ਖੁਲਾਸਾ ਕੀਤਾ ਹੈ ਕਿ ਉਸਦੇ ਅਕਾਊਂਟ ਤੋਂ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਉਸਦਾ ਪਤੀ ਹੈ। ਮੁੱਢਲੀ ਜਾਂਚ ਦੌਰਾਨ ਉਸਦੇ ਪਤੀ ਅਤੇ ਵੀਡੀਓ ਵਿੱਚ ਦਿਖਾਈ ਦੇ ਰਹੀ ਇੱਕ ਹੋਰ ਮਹਿਲਾ ਦੇ ਬਿਆਨ ਵੀ ਦਰਜ ਕੀਤੇ ਗਏ ਹਨ।”
ਇਸ ਤੋਂ ਪਹਿਲਾ ਸੋਮਵਾਰ ਰਾਤ ਕਿਸ਼ਵਰ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਚੰਡੀਗੜ੍ਹ ਪੁਲੀਸ ਦੀ ਇੱਕ ਟੀਮ ਉਨ੍ਹਾਂ ਵਿਰੁੱਧ ਦਰਜ ਐੱਫ ਆਈ ਆਰ ਦੇ ਸਬੰਧ ਵਿੱਚ ਨੋਟਿਸ ਦੇਣ ਲਈ ਸੋਮਵਾਰ ਦੇਰ ਰਾਤ ਉਨ੍ਹਾਂ ਦੇ ਘਰ ਆਈ ਸੀ। ਉਨ੍ਹਾਂ ਨੇ ‘ਐਕਸ’ (X) ‘ਤੇ ਲਿਖਿਆ, ”ਕਿਉਂਕਿ ਕਾਨੂੰਨ ਅਨੁਸਾਰ ਪੁਲੀਸ ਨੂੰ ਹਨੇਰਾ ਹੋਣ ਤੋਂ ਬਾਅਦ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਔਰਤਾਂ ਨੂੰ ਮਿਲਣ ਜਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਇਜਾਜ਼ਤ ਨਹੀਂ ਹੈ, ਇਸ ਲਈ ਮੈਂ ਟੀਮ ਦੇ ਮੁਖੀ ਨਾਲ ਫੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਟੀਮ ਚੰਡੀਗੜ੍ਹ ਵਿੱਚ ਮੇਰੇ ਖ਼ਿਲਾਫ਼ ਦਰਜ ਐੱਫ ਆਈ ਆਰ ਦੇ ਸਬੰਧ ਵਿੱਚ ਨੋਟਿਸ ਦੇਣ ਆਈ ਹੈ। ਮੈਂ ਉਨ੍ਹਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਅਤੇ ਸਵੇਰੇ ਆਉਣ ਦੀ ਬੇਨਤੀ ਕੀਤੀ।”
