July 24, 2026
ਖਾਸ ਖ਼ਬਰਪੰਜਾਬਰਾਸ਼ਟਰੀ

ਮਾਪਦੰਡਾਂ ਕਾਰਨ ਕਣਕ ਦੀ ਖ਼ਰੀਦ ਪ੍ਰਭਾਵਿਤ

ਮਾਪਦੰਡਾਂ ਕਾਰਨ ਕਣਕ ਦੀ ਖ਼ਰੀਦ ਪ੍ਰਭਾਵਿਤ

ਪਟਿਆਲਾ-  ਪੰਜਾਬ ਵਿੱਚ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ ਪਿਛਲੇ ਦਿਨਾਂ ਤੋਂ ਕਣਕ ਦੀ ਖ਼ਰੀਦ ਬੰਦ ਕੀਤੀ ਹੋਣ ਕਾਰਨ ਜ਼ਿਲ੍ਹੇ ਦੀਆਂ ਲਗਪਗ ਸਾਰੀਆਂ ਅਨਾਜ ਮੰਡੀਆਂ ’ਚ ਕਣਕ ਦੇ ਢੇਰ ਲੱਗ ਗਏ ਹਨ। ਪਟਿਆਲਾ ਜ਼ਿਲ੍ਹੇ ’ਚ ਸਾਰੇ ਸੀਜ਼ਨ ਦੌਰਾਨ ਸਵਾ 9 ਲੱਖ ਟਨ ਕਣਕ ਦੀ ਆਮਦ ਹੋਣੀ ਹੈ, ਜਿਸ ’ਚੋਂ ਤਕਰੀਬਨ ਇੱਕ ਲੱਖ ਟਨ ਕਣਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ। ਹੁਣ ਕਰੀਬ ਹਫ਼ਤੇ ਤੋਂ ਤਾਂ ਭਾਵੇਂ ਖ਼ਰੀਦ ਹੀ ਨਹੀਂ ਹੋਈ ਪਰ ਮੁੱਢਲੇ ਦਿਨਾਂ ’ਚ ਜ਼ਿਲ੍ਹੇ ਭਰ ’ਚੋਂ 16 ਹਜ਼ਾਰ ਟਨ ਕਣਕ ਦੀ ਖ਼ਰੀਦ ਹੀ ਕੀਤੀ ਗਈ ਹੈ। ਅੱਜ ਸ਼ਾਮ ਤੱਕ ਲਗਪਗ 85 ਹਜ਼ਾਰ ਟਨ ਕਣਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਪੁੱਜ ਚੁੱਕੀ ਹੈ। ਡੀ ਐੱਫ ਐੱਸ ਸੀ ਰਵਿੰਦਰ ਕੌਰ ਨੇ ਮੰਨਿਆ ਕਿ ਜ਼ਿਲ੍ਹੇ ’ਚੋਂ ਕਰੀਬ 16 ਹਜ਼ਾਰ ਟਨ ਦੀ ਖ਼ਰੀਦ ਹੀ ਹੋਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਏ ਬੇਮੌਸਮੇ ਮੀਂਹ ਅਤੇ ਗੜਿਆਂ ਕਾਰਨ ਕਣਕ ’ਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਤੋਂ ਜ਼ਿਆਦਾ ਹੈ ਜਿਸ ਦਾ ਜਾਇਜ਼ਾ ਲੈਣ ਲਈ ਪੁੱਜੀ ਕੇਂਦਰੀ ਟੀਮ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੀਆਂ ਸੂਬਾਈ ਖ਼ਰੀਦ ਏਜੰਸੀਆਂ ਵੱਲੋਂ ਹਫ਼ਤੇ ਭਰ ਤੋਂ ਖ਼ਰੀਦ ਉੱਕਾ ਹੀ ਬੰਦ ਕੀਤੀ ਹੋਈ ਹੈ ਤਾਂ ਜੋ ਉਨ੍ਹਾਂ ਨੂੰ ਇਸ ਦਾ ਖਮਿਆਜ਼ਾ ਨਾ ਭੁਗਤਣਾ ਪਵੇ। ਮੰਡੀਆਂ ਦਾ ਦੌਰਾ ਕਰਨ ’ਤੇ ਪਤਾ ਲੱਗਿਆ ਕਿ ਹਫਤੇ ਭਰ ਤੋਂ ਖ਼ਰੀਦ ਨਾ ਹੋਣ ਕਾਰਨ ਜ਼ਿਲ੍ਹੇ ਦੀਆਂ ਲਗਪਗ ਸਾਰੀਆਂ ਹੀ ਮੰਡੀਆਂ ’ਚ ਕਣਕ ਦੇ ਢੇਰ ਲੱਗੇ ਹੋਏ ਹਨ। ਸੰਗਰੂਰ ਰੋਡ ਸਥਿਤ ਮਹਿਮਦੁਪਰ ਮੰਡੀ ਵਿੱਚ ਸੈਣੀਮਾਜਰਾ ਦੇ ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਚਾਰ ਦਿਨ ਪਹਿਲਾਂ ਤੇ ਉਸ ਦੇ ਨਾਲ ਹੀ ਬੈਠੇ ਮਹਿਮਦਪੁਰ ਦੇ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਉਹ ਪੰਜ ਦਿਨ ਪਹਿਲਾਂ ਕਣਕ ਲੈ ਕੇ ਆਇਆ ਸੀ, ਪਰ ਹੁਣ ਤੱਕ ਬੋਲੀ ਨਹੀਂ ਲੱਗੀ। ਨਾ ਤਾਂ ਕੋਈ ਸਰਕਾਰੀ ਮੁਲਾਜ਼ਮ ਤੇ ਨਾ ਹੀ ਕੋਈ ਮਜ਼ਦੂਰ ਆਇਆ। ਕਿਸਾਨ ਨੇ ਕਿਹਾ ਕਿ ਉਨ੍ਹਾਂ ਫ਼ਸਲ ਦੀ ਵੀ ਸੁੱਕੀ ਹੈ, ਇਸ ਦੇ ਬਾਵਜੂਦ ਕੋਈ ਸਾਰ ਨਹੀਂ ਲੈ ਰਿਹਾ। ਇਸੇ ਤਰ੍ਹਾਂ ਰਾਜਗੜ੍ਹ ਵਾਸੀ ਕਿਸਾਨ ਮਲਕੀਤ ਸਿੰਘ, ਫਤਹਿਪੁਰ ਵਾਸੀ ਬੀਰਬਲ ਸਿੰਘ ਅਤੇ ਢਕੜੱਬਾ ਵਾਸੀ ਕੁਲਦੀਪ ਸਿੰਘ ਵੀ ਪੰਜ ਦਿਨਾਂ ਤੋਂ ਫ਼ਸਲ ਸਮੇਤ ਬੈਠੇ ਹਨ। ਜਿਨ੍ਹਾਂ ਦਾ ਕਹਿਣਾ ਸੀ ਕਿ ਭਗਵੰਤ ਮਾਨ ਦੀ ਸਰਕਾਰ ’ਚ ਕਿਸਾਨ ਸਭ ਤੋਂ ਵੱਧ ਪ੍ਰੇਸ਼ਾਨ ਹੋ ਰਹੇ ਹਨ। ਸਰਹਿੰਦ ਰੋਡ ’ਤੇ ਸਥਿਤ ਨਵੀਂ ਅਨਾਜ ਮੰਡੀ ਦਾ ਵੀ ਇਹੀ ਹਾਲ ਹੈ। ਇਸ ਮੰਡੀ ਵਿੱਚ ਕਣਕ ਸੁੱਟਣ ਲਈ ਥਾਂ ਘੱਟ ਪੈਣ ਲੱਗੀ ਹੈ। ਇਥੇ ਕਾਲਵਾ ਦੇ ਪੰਚ ਭਗਵੰਤ ਸਿੰਘ ਤੇ ਅਮਨਦੀਪ ਸਿੰਘ ਅਤੇ ਪਨੌਦੀਆਂ ਵਾਸੀ ਭਰਾਵਾਂ ਪੰਮਾ ਤੇ ਕਰਮਾ ਦਾ ਕਹਿਣਾ ਸੀ ਕਿ ਬੋਲੀ ਨਾ ਹੋਣ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ। ਸਨੌਰ ਮੰਡੀ ਦਾ ਵੀ ਇਹੀ ਹਾਲ ਹੈ ਇਥੇ ਸਾਰੇ ਸੀਜ਼ਨ ’ਚ 2.25 ਲੱਖ ਟਨ ਕਣਕ ਆਉਣੀ ਹੈ ਜਿਸ ਵਿੱਚੋਂ 60 ਹਜ਼ਾਰ ਟਨ ਪਹੁੰਚ ਚੁੱਕੀ ਹੈ ਪਰ ਅਜੇ ਤੱਕ ਇੱਕ ਦਾਣਾ ਵੀ ਨਹੀਂ ਖ਼ਰੀਦਿਆ ਗਿਆ। ਸੰਪਰਕ ਕਰਨ ’ਤੇ ਆੜ੍ਹਤੀ ਐਸੋੋਸੀਏਸ਼ਨ ਸਨੌਰ ਦੇ ਪ੍ਰਧਾਨ ਰਜਤ ਕਪੂਰ ਨੇ ਇਹ ਗੱਲ ਮੰਨੀ। ਕਾਬਿਲੇਗੌਰ ਹੈ ਕਿ ਇਸ ਐਤਕੀਂ ਮੀਂਹ ਤੇ ਗੜਿਆਂ ਕਾਰਨ ਪੱਕ ਚੁੱਕੀ ਕਣਕ ਦੀ ਫ਼ਸਲ ਨੂੰ ਕਾਫ਼ੀ ਮਾਰ ਪਈ ਹੈ। ਅਜਿਹੀ ਸੂਰਤ ’ਚ ਮਾਜੂ ਅਤੇ ਬਦਰੰਗ ਦਾਣੇ ਦੀ ਮਿਕਦਾਰ ਵਧਣ ਕਰਕੇ ਜਿਥੇ ਝਾੜ ’ਤੇ ਅਸਰ ਪਿਆ ਹੈ, ਉਥੇ ਹੀ ਨਮੀ ਵੀ ਵਧੀ ਹੈ। ਸਰਕਾਰ ਵੱਲੋਂ 12 ਫੀਸਦੀ ਨਮੀ ਤੱਕ ਵਾਲੀ ਕਣਕ ਦੀ ਹੀ ਖ਼ਰੀਦ ਕੀਤੀ ਜਾ ਰਹੀ ਹੈ, ਪਰ ਮੰਡੀਆਂ ’ਚ ਆ ਰਹੀ ਕਣਕ ਦੀ ਫ਼ਸਲ ’ਚ ਨਮੀ ਦੀ ਮਾਤਰਾ 14 ਫੀਸਦੀ ਤੱਕ ਵੀ ਹੈ। ਜਿਸ ਕਰਕੇ ਖ਼ਰੀਦ ਏਜੰਸੀਆਂ ਕਣਕ ਦੀ ਖ਼ਰੀਦ ਕਰਨ ਤੋਂ ਪਾਸਾ ਵੱਟ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਸੂਰਤ ’ਚ ਖ਼ਰੀਦੀ ਗਈ ਕਣਕ ਦਾ ਵਜ਼ਨ ਘਟਣਾ ਯਕੀਨੀ ਹੈ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਹੀ ਭੁਗਤਣਾ ਪੈਣਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰੀ ਟੀਮਾਂ ਵੱਲੋਂ ਨਮੀ ਦੇ ਮਾਪਦੰਡਾਂ ’ਚ ਰਾਹਤ ਦਿੱਤੀ ਜਾਵੇਗੀ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਮੰਗ ਕੀਤੀ ਕਿ ਕੇਂਦਰੀ ਟੀਮਾਂ ਆਪਣਾ ਫੈਸਲਾ ਜਲਦੀ ਦੇਣ ਤਾਂ ਜੋ ਖ਼ਰੀਦ ਸ਼ੁਰੂ ਹੋ ਸਕੇ।

Related posts

ਜੇਲ੍ਹ ’ਚ ਬੰਦ ਇਮਰਾਨ ਖਾਨ ਦੇ ਪੁੱਤਰਾਂ ਨੇ ਡਰ ਕੀਤਾ ਜ਼ਾਹਰ !

Current Updates

ਭਰਨ ਵਧੀ ਮਿਤੀ; ਹੁਣ 31 ਦਸੰਬਰ ਕਰ ਸਕਦੇ ਹੋ ਫਾਈਲ

Current Updates

ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

Current Updates

Leave a Comment