ਤਿਲੰਗਾਨਾ- ਮੇਦਕ ਜ਼ਿਲ੍ਹੇ ਦੇ ਇੱਕ ਫਾਰਮਾ ਪਲਾਂਟ ਵਿੱਚ ਸ਼ੱਕੀ ਧਮਾਕੇ ’ਚ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਸ਼ਾਮਿੱਲਰਾਮ ਉਦਯੋਗਿਕ ਅਸਟੇਟ ਵਿਖੇ ਸਿਗਾਚੀ ਫਾਰਮਾ ਕੰਪਨੀ ਵਿੱਚ ਹਾਦਸੇ ਵਾਲੀ ਥਾਂ ’ਤੇ ਕਈ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ ਹੈ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਤਿਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਵੀ ਹਾਦਸੇ ’ਤੇ ਦੁੱਖ ਜਤਾਉਂਦਿਆਂ ਅਧਿਕਾਰੀਆਂ ਨੂੰ ਰਾਹਤ ਤੇ ਬਚਾਅ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਤਿਲੰਗਾਨਾ ਦੇ ਸਿਹਤ ਮੰਤਰੀ ਦਾਮੋਦਰ ਰਾਜਾ ਨਰਸਿਮ੍ਹਾ ਨੇ ਕਿਹਾ ਕਿ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 12 ਹੋ ਗਈ ਹੈ। ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਸ਼ੱਕੀ ਰਸਾਇਣਕ ਰਿਐਕਸ਼ਨ ਕਰਕੇ ਹੋਏ ਧਮਾਕੇ ਵਿਚ ਘੱਟੋ ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 34 ਵਿਅਕਤੀ ਜ਼ੇਰੇ ਇਲਾਜ ਹਨ। ਅਸੀਂ ਆਸ ਕਰਦੇ ਹਾਂ ਕਿ ਹੋਰ ਮੌਤਾਂ ਨਹੀਂ ਹੋਣਗੀਆਂ।’’
ਕਿਰਤ ਮੰਤਰੀ ਜੀ.ਵਿਵੇਕ ਵੈਂਕਟਸਵਾਮੀ ਨੇ ਕਿਹਾ, ‘‘ਅੱਠ ਵਿਅਕਤੀ ਸਵੇਰੇ ਦਮ ਤੋੜ ਗਏ ਸਨ। ਹੁਣ ਚਾਰ ਲਾਸ਼ਾਂ ਹੋਰ ਮਿਲੀਆਂ ਹਨ।’’ ਦੋਵਾਂ ਮੰਤਰੀਆਂ ਨੇ ਪਲਾਂਟ ਦਾ ਦੌਰਾ ਕੀਤਾ।
ਇਸ ਤੋਂ ਪਹਿਲਾਂ ਆਈਜੀਪੀ (ਮਲਟੀਜ਼ੋਨ) ਵੀ.ਸੱਤਿਆਨਾਰਾਇਣ ਨੇ ਫੈਕਟਰੀ ਵਿਚਲੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਧਮਾਕੇ ਵੇਲੇ ਫੈਕਟਰੀ ਵਿਚ 150 ਵਿਅਕਤੀ ਮੌਜੂਦ ਸਨ। ਪਲਾਂਟ ਦੇ ਜਿਸ ਹਿੱਸੇ ਵਿਚ ਧਮਾਕਾ ਹੋਇਆ ਉਥੇ 90 ਵਿਅਕਤੀ ਮੌਜੂਦ ਸਨ। ਮੇਦਕ ਜ਼ਿਲ੍ਹੇ ਦੇ ਇੱਕ ਫਾਰਮਾ ਪਲਾਂਟ ਵਿੱਚ ਹੋਏ ਸ਼ੱਕੀ ਧਮਾਕੇ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਸ਼ਾਮਿੱਲਰਾਮ ਉਦਯੋਗਿਕ ਅਸਟੇਟ ਵਿਖੇ ਸਿਗਾਚੀ ਫਾਰਮਾ ਕੰਪਨੀ ਵਿੱਚ ਹਾਦਸੇ ਵਾਲੀ ਥਾਂ ‘ਤੇ ਕਈ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ,।
ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਹੈ ਅਤੇ ਰਾਹਤ ਕਾਰਜ ਜਾਰੀ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਗ ਬੁਝਾਉਣ ਲਈ ਫਾਇਰ ਟੈਂਡਰਾਂ ਨੂੰ ਬੁਲਾਇਆ ਗਿਆ ਹੈ।
ਕੰਪਨੀ ਦੀ ਵੈੱਬਸਾਈਟ ਦੇ ਅਨੁਸਾਰ, ਸਿਗਾਚੀ ਇੰਡਸਟਰੀਜ਼ ਲਿਮਟਿਡ ਇੱਕ ਫਾਰਮਾਸਿਊਟੀਕਲ ਉਦਯੋਗ ਹੈ ਜੋ ਐਕਟਿਵ ਫਾਰਮਾਸਿਊਟੀਕਲ ਇੰਗ੍ਰੇਡੀਐਂਟਸ (APIs), ਇੰਟਰਮੀਡੀਏਟਸ, ਐਕਸੀਪੀਐਂਟਸ, ਵਿਟਾਮਿਨ-ਮਿਨਰਲ ਮਿਸ਼ਰਣਾਂ, ਅਤੇ ਅਪਰੇਸ਼ਨ ਅਤੇ ਮੈਨੇਜਮੈਂਟ (O&M) ਸੇਵਾਵਾਂ ਵਿੱਚ ਮੋਹਰੀ ਤਰੱਕੀ ਲਈ ਸਮਰਪਿਤ ਹੈ।